ਬਾਹਰਲੇ ਰਾਜਾਂ ਦੇ ਝੋਨੇ ’ਤੇ ਪ੍ਰਸ਼ਾਸਨ ਦੀ ਸਖ਼ਤੀ, ਮੰਡੀਆਂ ’ਚ ਨਾਕੇਬੰਦੀ, ਸਿੱਧੀ ਅਦਾਇਗੀ ਲਈ ‘ਜੇ-ਫਾਰਮ’ ਜ਼ਰੂਰੀ ਬਾਹਰਲੇ ਰਾਜਾਂ ਦੇ ਝੋਨੇ ’ਤੇ ਪ੍ਰਸ਼ਾਸਨ ਦੀ ਸਖ਼ਤੀ, ਮੰਡੀਆਂ ’ਚ ਨਾਕੇਬੰਦੀ, ਸਿੱਧੀ ਅਦਾਇਗੀ ਲਈ ‘ਜੇ-ਫਾਰਮ’ ਜ਼ਰੂਰੀ
Publish Date: Fri, 09 Oct 2026 05:47 PM (IST)
Updated Date: Fri, 09 Oct 2026 05:47 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਖਰੀਦ ਦੇ ਪੁਖ਼ਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਮਲੋਟ ਦੀ ਅਨਾਜ ਮੰਡੀ ’ਚ ਵੀ ਮਾਰਕੀਟ ਕਮੇਟੀ ਵੱਲੋਂ ਖਰੀਦ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਮੰਡੀਆਂ ’ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਫਸਲ ਦੀ ਖਰੀਦ ਨਿਰਵਿਘਨ ਜਾਰੀ ਰਹੇਗੀ। ਮਲੋਟ ਮਾਰਕੀਟ ਕਮੇਟੀ ਦੇ ਚੇਅਰਮੈਨ ਜਸ਼ਨ ਬਰਾੜ ਨੇ ਦੱਸਿਆ ਕਿ ਮੰਡੀ ’ਚ ਸਫ਼ਾਈ, ਸ਼ੈੱਡਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਯੋਗ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਮੁਤਾਬਕ ਆਉਣ ਵਾਲੇ ਦੋ-ਚਾਰ ਦਿਨਾਂ ’ਚ ਕੰਬਾਈਨਾਂ ਚੱਲਣ ਨਾਲ ਝੋਨੇ ਦੀ ਆਮਦ ’ਚ ਵੱਡਾ ਉਛਾਲ ਆਵੇਗਾ। ਪਿਛਲੇ ਸਾਲ ਮਲੋਟ ਮੰਡੀ ’ਚ ਲਗਭਗ 20 ਲੱਖ 87 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋਈ ਸੀ। ਇਸ ਵਾਰ ਮੌਸਮ ਸਾਫ਼ ਰਹਿਣ, ਨਹਿਰੀ ਪਾਣੀ ਅਤੇ ਬਿਜਲੀ ਦੀ ਵਧੀਆ ਸਪਲਾਈ ਕਾਰਨ ਬੰਪਰ ਫਸਲ ਦੀ ਉਮੀਦ ਹੈ, ਜਿਸ ਕਾਰਨ ਝੋਨੇ ਦੀ ਆਮਦ ਪਿਛਲੇ ਸਾਲਾਂ ਦੇ ਮੁਕਾਬਲੇ ਵਧਣ ਦਾ ਅਨੁਮਾਨ ਹੈ। ਸਰਕਾਰੀ ਖਰੀਦ ਲਈ ਪਨਗ੍ਰੇਨ, ਮਾਰਕਫੈੱਡ, ਵੇਅਰਹਾਊਸ ਅਤੇ ਪਨਸਪ ਸਮੇਤ 4 ਏਜੰਸੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਸਰਕਾਰੀ ਰੇਟ ਮੁਤਾਬਕ ਖਰੀਦ ਕੀਤੀ ਜਾਵੇਗੀ। ਨਾਜਾਇਜ਼ ‘ਕਾਟ’ ’ਤੇ ਸਖ਼ਤੀ ਮਾਰਕੀਟ ਕਮੇਟੀ ਅਨੁਸਾਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਕਿਸੇ ਵੀ ਕਿਸਾਨ ਦੀ ਫਸਲ ’ਤੇ ਸ਼ੈਲਰ ਮਾਲਕਾਂ ਜਾਂ ਆੜ੍ਹਤੀਆਂ ਵੱਲੋਂ ਨਾਜਾਇਜ਼ ‘ਕਾਟ’ (ਵਜ਼ਨ ਦੀ ਕਟੌਤੀ) ਨਹੀਂ ਲੱਗਣ ਦਿੱਤੀ ਜਾਵੇਗੀ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਸਿੱਧੀ ਅਦਾਇਗੀ ਤੇ ਧੋਖਾਧੜੀ ਤੋਂ ਬਚਾਅ ਲਈ ਜੇ-ਫਾਰਮ ਜ਼ਰੂਰੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲਾਲਚ ’ਚ ਆ ਕੇ ਆਪਣੀ ਫਸਲ ਸਿੱਧੀ ਸ਼ੈਲਰਾਂ ’ਚ ਵੇਚਣ ਦੀ ਬਜਾਏ ਮੰਡੀ ਰਾਹੀਂ ਹੀ ਵੇਚਣ। ਪੱਕੇ ‘ਜੇ-ਫਾਰਮ’ ਰਾਹੀਂ ਫਸਲ ਵੇਚਣ ਨਾਲ ਅਦਾਇਗੀ ਸਿੱਧੀ ਸਰਕਾਰ ਵੱਲੋਂ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਹੋਵੇਗੀ, ਜਿਸ ਨਾਲ ਕਿਸੇ ਵੀ ਕਿਸਮ ਦੀ ਧੋਖਾਧੜੀ ਤੋਂ ਬਚਿਆ ਜਾ ਸਕੇਗਾ। ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਖ਼ਤ ਨਾਕੇਬੰਦੀ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਝੋਨੇ ਨੂੰ ਪੰਜਾਬ ਦੀਆਂ ਮੰਡੀਆਂ ’ਚ ਵਿਕਣ ਤੋਂ ਰੋਕਣ ਲਈ ਡੀਸੀ ਅਤੇ ਮੰਡੀ ਬੋਰਡ ਦੀਆਂ ਹਦਾਇਤਾਂ ’ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਖ਼ਤ ਨਾਕੇਬੰਦੀ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੰਡੀ ’ਚ ਸਿਰਫ਼ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਫਸਲ ਦੀ ਨਾਲ-ਦੀ-ਨਾਲ ਖਰੀਦ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਮੰਡੀਆਂ ’ਚ ਰੁਲਣਾ ਨਾ ਪਵੇ।