ਪੰਜਾਬ ਸਟੇਟ ਟਰੇਡਰਜ਼ ਵੱਲੋਂ ਪ੍ਰਾਪਤ ਪ੍ਰਪੋਜ਼ਲਾਂ ਦੇ ਆਧਾਰ ’ਤੇ ਰਾਸ਼ੀ ਜਾਰੀ ਪੰਜਾਬ ਸਟੇਟ ਟਰੇਡਰਜ਼ ਵੱਲੋਂ ਪ੍ਰਾਪਤ ਪ੍ਰਪੋਜ਼ਲਾਂ ਦੇ ਆਧਾਰ ’ਤੇ ਲਗਭਗ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ : ਡਿਪਟੀ ਕਮਿਸ਼ਨਰ
Publish Date: Wed, 07 Oct 2026 06:28 PM (IST)
Updated Date: Wed, 07 Oct 2026 06:29 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੇ ਅਧਿਕਾਰਤ ਪੋਰਟਲ ’ਤੇ ਦਰਜ ਵਪਾਰੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਮਾਮਲਿਆਂ ਅਤੇ ਪ੍ਰਾਪਤ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੰਗਲਾ ਪੰਜਾਬ ਵਿਕਾਸ ਸਕੀਮ ਅਧੀਨ ਵੱਖ-ਵੱਖ ਹਲਕਿਆਂ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਈ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵੱਲੋਂ ਪ੍ਰਾਪਤ ਵਿਕਾਸ ਕਾਰਜਾਂ ਦੀਆਂ ਪ੍ਰਪੋਜ਼ਲਾਂ ਨੂੰ ਜ਼ਿਲ੍ਹਾ ਪੱਧਰੀ ਕਮੇਟੀ ਪਾਸੋਂ ਮੰਨਜ਼ੂਰ ਹੋਣ ਉਪਰੰਤ ਲਗਭਗ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਜਲਦੀ ਹੀ ਫ਼ੰਡ ਸਬੰਧਤ ਵਿਭਾਗਾਂ ਦੇ ਖਾਤਿਆਂ ਵਿੱਚ ਆ ਜਾਣਗੇ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਾਪਤ ਹੋਏ ਫ਼ੰਡਜ਼ ਦੀ ਵਰਤੋਂ ਕਰਦੇ ਹੋਏ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਬਿਨ੍ਹਾਂ ਕਿਸੇ ਦੇਰੀ ਤੋਂ ਮੁਕੰਮਲ ਕਰਵਾਇਆ ਜਾਵੇ ਅਤੇ ਬਾਕੀ ਰਹਿੰਦੇ ਕੰਮਾਂ ਦਾ ਐਸਟੀਮੇਟ ਬਣਾ ਕੇ ਜਲਦ ਤੋਂ ਜਲਦ ਰਿਪੋਰਟ ਸਾਂਝੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚੱਲ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਰਿਪੋਰਟ ਵੀ ਸਮੇਂ ਸਿਰ ਭੇਜਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਦੋਂ ਵੀ ਕੋਈ ਵਿਕਾਸ ਦੇ ਕੰਮ ਨੂੰ ਸ਼ੁਰੂ ਕੀਤਾ ਜਾਣਾ ਹੈ ਤਾਂ ਇਸ ਸੰਬੰਧੀ ਹਲਕੇ ਨਾਲ ਸਬੰਧਤ ਟਰੇਡ ਕਮਿਸ਼ਨ ਦੇ ਨੁਮਾਂਇੰਦੇ ਨੂੰ ਜ਼ਰੂਰ ਜਾਣੂੰ ਕਰਵਾਇਆ ਜਾਵੇ ਅਤੇ ਬਕਾਇਆ ਪਈਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਇਸ ਸਬੰਧੀ ਟਰੇਡ ਕਮਿਸ਼ਨ ਵੱਲੋਂ ਲਗਾਤਾਰ ਪ੍ਰਗਤੀ ਰਿਪੋਰਟ ਵਾਚੀ ਜਾ ਰਹੀ ਹੈ ਤਾਂ ਜੋ ਹੋ ਰਹੇ ਵਿਕਾਸ ਦੇ ਕੰਮਾਂ ਬਾਰੇ ਕਮਿਸ਼ਨ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਮੀਟਿੰਗ ਦੌਰਾਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਵਨੀਤ ਜਿੰਦਲ ਮੌਂਟੀ ਵੱਲੋਂ ਜ਼ਿਲ੍ਹਾ ਦੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਐਸਡੀਐੱਮ ਗੁਰਕਿਰਨਦੀਪ ਸਿੰਘ, ਐਸਪੀ (ਐਚ) ਗੁਰਿੰਦਰਜੀਤ ਸਿੰਘ, ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਕੁਲਵਿੰਦਰ ਕਾਂਡਾ, ਡਿਪਟੀ ਈਐਸਏ ਰੁਪਿੰਦਰ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਕਾਰਜ ਸਾਧਕ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।