40 ਮੁਕਤਿਆਂ ਦੀ ਯਾਦਗਾਰ ‘ਮੁਕਤੇ ਮੀਨਾਰ’ ਦੀ ਹਾਲਤ ਬੇਹੱਦ ਤਰਸਯੋਗ ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦਗਾਰ ‘ਮੁਕਤੇ ਮੀਨਾਰ’ ਦੀ ਹਾਲਤ ਤਰਸਯੋਗ
Publish Date: Thu, 01 Oct 2026 06:44 PM (IST)
Updated Date: Fri, 02 Oct 2026 04:08 AM (IST)
ਲਾਈਟਾਂ ਬੰਦ, ਅਸਮਾਜਿਕ ਅਨਸਰਾਂ ਦਾ ਬਣਿਆ ਅੱਡਾ ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਕੋਟਕਪੂਰਾ-ਬਠਿੰਡਾ ਬਾਈਪਾਸ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਨਾਲ 40 ਮੁਕਤਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਬਣਾਇਆ ਗਿਆ ਇਤਿਹਾਸਕ ‘ਮੁਕਤੇ ਮੀਨਾਰ’ ਅੱਜਕੱਲ੍ਹ ਪ੍ਰਸ਼ਾਸਨਿਕ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਚਾਲੀ ਮੁਕਤਿਆਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਇਸ ਮੁੱਖ ਤੇ ਮੀਨਾਰ ਯਾਦਗਾਰ ’ਚ ਇੱਕ ਖੂਬਸੂਰਤ ਪਾਰਕ, ਓਪਨ ਏਅਰ ਥੀਏਟਰ ਅਤੇ ਸਟੀਲ ਦਾ ਵਿਸ਼ਾਲ ਖੰਡਾ ਬਣਾਇਆ ਗਿਆ ਹੈ। ਇਸ ਖੰਡੇ ਉੱਪਰ 40 ਕੜੇ ਲਗਾ ਕੇ ਚਾਲੀ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਹਨ। ਇਸ ਯਾਦਗਾਰ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਮਾਰਕਫੈੱਡ ਨੂੰ ਸੌਂਪੀ ਗਈ ਸੀ। ਰਿਕਾਰਡ ਅਨੁਸਾਰ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਇਸ ਦੀ ਸਾਂਭ-ਸੰਭਾਲ ਲਈ ਯਤਨ ਕੀਤੇ ਗਏ ਅਤੇ ਮਾਨ ਸਰਕਾਰ ਵੱਲੋਂ ਵੀ ਪਿਛਲੇ ਸਮੇਂ ਦੌਰਾਨ ਫੰਡ ਜਾਰੀ ਕਰਕੇ ਬਾਹਰਲੀ ਕੰਧ ਅਤੇ ਹੋਰ ਨਿਰਮਾਣ ਕਾਰਜ ਕਰਵਾਏ ਗਏ। ਪ੍ਰੰਤੂ ਮੌਜੂਦਾ ਸਮੇਂ ਇਸ ਯਾਦਗਾਰ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਬਾਕਸ- ਲਾਈਟਾਂ ਬੰਦ ਹੋਣ ਕਾਰਨ ਪਸਰਦਾ ਹੈ ਹਨੇਰਾ, ਸੈਰ ਕਰਨ ਵਾਲੇ ਭੈਅਭੀਤ- ਯਾਦਗਾਰ ਦੇ ਪਾਰਕ ’ਚ ਲੱਗੀਆਂ ਲਾਈਟਾਂ ਖਰਾਬ ਹੋਣ ਕਾਰਨ ਦਿਨ ਛਿਪਦੇ ਹੀ ਇੱਥੇ ਘੁੱਪ ਹਨੇਰਾ ਛਾ ਜਾਂਦਾ ਹੈ। ਹਨੇਰੇ ਦਾ ਫਾਇਦਾ ਚੁੱਕ ਕੇ ਇੱਥੇ ਸਮਾਜ ਵਿਰੋਧੀ ਅਤੇ ਜਰਾਇਮ ਪੇਸ਼ਾ ਲੋਕਾਂ ਨੇ ਆਪਣੀ ਠਹਿਰ ਬਣਾ ਲਈ, ਜਿਸ ਕਾਰਨ ਸ਼ਾਮ ਅਤੇ ਸਵੇਰ ਵੇਲੇ ਸੈਰ ਕਰਨ ਆਉਣ ਵਾਲੇ ਲੋਕ ਖੌਫ਼ਜ਼ਦਾ ਹਨ। ਇੱਥੇ ਪ੍ਰਸ਼ਾਸਨ ਵੱਲੋਂ ਸੀਐੱਮ ਯੋਗਾਸ਼ਾਲਾ ਵੀ ਸ਼ੁਰੂ ਕੀਤੀ ਗਈ ਹੈ, ਪਰ ਤੜਕੇ ਹਨੇਰਾ ਹੋਣ ਕਰਕੇ ਯੋਗਾ ਕਰਨ ਆਉਣ ਵਾਲੇ ਸ਼ਹਿਰੀਆਂ ਅਤੇ ਔਰਤਾਂ ਲਈ ਇੱਥੇ ਦਾਖਲ ਹੋਣਾ ਮੁਸ਼ਕਿਲ ਹੋ ਜਾਂਦਾ ਹੈ। ਦਿਨ ਚੜ੍ਹਨ ਤੋਂ ਬਾਅਦ ਧੁੱਪ ਤੇਜ਼ ਹੋਣ ਕਰਕੇ ਸੈਰ ਜਾਂ ਯੋਗਾ ਕਰਨਾ ਸੰਭਵ ਨਹੀਂ ਰਹਿੰਦਾ। ਬਾਕਸ-- ਸਮਾਜ ਸੇਵੀਆਂ ਨੇ ਕੀਤੀ ਪੁਖ਼ਤਾ ਪ੍ਰਬੰਧਾਂ ਦੀ ਮੰਗ ਵਾਤਾਵਰਣ ਪ੍ਰੇਮੀ ਕੁਲਵਿੰਦਰ ਸਿੰਘ ਅਤੇ ਮਾਸਟਰ ਜਸਪਾਲ ਸਿੰਘ ਸਮੇਤ ਹੋਰ ਸ਼ਹਿਰੀਆਂ ਨੇ ਮੰਗ ਕੀਤੀ ਹੈ ਕਿ ਇਹ ਯਾਦਗਾਰ 40 ਮੁਕਤਿਆਂ ਨਾਲ ਸੰਬੰਧਿਤ ਹੋਣ ਕਰਕੇ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਇੱਕ ਪ੍ਰਮੁੱਖ ਦੇਖਣਯੋਗ ਸਥਾਨ ਹੈ, ਇਸ ਲਈ ਇਸਦੀ ਸਾਂਭ-ਸੰਭਾਲ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਯਾਦਗਾਰ ’ਚ ਰੋਸ਼ਨੀ ਅਤੇ ਨਵੀਆਂ ਲਾਈਟਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਸੁਰੱਖਿਆ ਲਈ ਇੱਕ ਸਥਾਈ ਚੌਂਕੀਦਾਰ ਤਾਇਨਾਤ ਕੀਤਾ ਜਾਵੇ। ਪੌਦਿਆਂ ਨੂੰ ਖਾਦ-ਪਾਣੀ ਦੇ ਕੇ ਪਾਰਕ ਦੀ ਨਿਗਰਾਨੀ ਅਤੇ ਮੁਰੰਮਤ ਕੀਤੀ ਜਾਵੇ। ਇਸ ਸਬੰਧ ’ਚ ਜਦੋਂ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਜਗਬੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਮੁਕਤੇ ਮੀਨਾਰ ਦਾ ਦੌਰਾ ਕਰਕੇ ਸਾਰੇ ਪ੍ਰਬੰਧਾਂ ਦੀ ਸਮੀਖਿਆ ਕਰਨਗੇ ਅਤੇ ਜੋ ਵੀ ਘਾਟਾਂ ਹਨ, ਉਨ੍ਹਾਂ ਨੂੰ ਦੂਰ ਕਰਕੇ ਯਾਦਗਾਰ ਦੀ ਦਸ਼ਾ ਸੁਧਾਰਨ ਲਈ ਠੋਸ ਕਦਮ ਚੁੱਕੇ ਜਾਣਗੇ।