ਸੜਕਾਂ ’ਤੇ ‘ਮੌਤ ਦੇ ਦੂਤ’ ਬਣ ਕੇ ਦੌੜ ਰਹੀਆਂ ਓਵਰਲੋਡ ਟਰਾਲੀਆਂ ਸ੍ਰੀ ਮੁਕਤਸਰ ਸਾਹਿਬ ਦੀਆਂ ਸੜਕਾਂ ’ਤੇ ‘ਮੌਤ ਦੇ ਦੂਤ’ ਬਣ ਕੇ ਦੌੜ ਰਹੀਆਂ ਓਵਰਲੋਡ ਟਰਾਲੀਆਂ
Publish Date: Thu, 01 Oct 2026 06:41 PM (IST)
Updated Date: Fri, 02 Oct 2026 04:08 AM (IST)
ਸੜਕ ’ਤੇ ਜ਼ਿਆਦਾ ਜਗ੍ਹਾ ਘੇਰ ਕੇ ਚੱਲਣ ਵਾਲੀਆਂ ਟਰਾਲੀਆਂ ਵਧਾ ਰਹੀਆਂ ਹਾਦਸਿਆਂ ਦਾ ਖ਼ਤਰਾ ਕਾਰਵਾਈ ਦੇ ਬਾਵਜੂਦ ਨਹੀਂ ਥੰਮ ਰਿਹਾ ਸਿਲਸਿਲਾ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੀਆਂ ਸੜਕਾਂ ’ਤੇ ਓਵਰਲੋਡ ਟਰਾਲੀਆਂ ਵਾਹਨ ਚਾਲਕਾਂ ਲਈ ਲਗਾਤਾਰ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ। ਸਮਰੱਥਾ ਤੋਂ ਵੱਧ ਸਮਾਨ ਲੱਦ ਕੇ ਦੌੜ ਰਹੀਆਂ ਇਹ ਟਰਾਲੀਆਂ ਨਾ ਸਿਰਫ਼ ਆਵਾਜਾਈ ਪ੍ਰਬੰਧਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਸਗੋਂ ਓਵਰਟੇਕ ਕਰਦੇ ਸਮੇਂ ਹਾਦਸਿਆਂ ਦਾ ਖ਼ਤਰਾ ਵੀ ਬਣਾਉਂਦੀਆਂ ਹਨ। ਕਈ ਵਾਰ ਟਰਾਲੀਆਂ ਸੜਕ ਦਾ ਵੱਡਾ ਹਿੱਸਾ ਘੇਰ ਕੇ ਚੱਲਦੀਆਂ ਹਨ, ਜਿਸ ਨਾਲ ਪਿੱਛੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਲੰਘਣ ਲਈ ਲੋੜੀਂਦੀ ਜਗ੍ਹਾ ਨਹੀਂ ਮਿਲਦੀ। ਸਭ ਤੋਂ ਵੱਧ ਪ੍ਰੇਸ਼ਾਨੀ ਉਸ ਸਮੇਂ ਹੁੰਦੀ ਹੈ ਜਦੋਂ ਕੋਈ ਕਾਰ, ਬਾਈਕ ਜਾਂ ਹੋਰ ਵਾਹਨ ਟਰਾਲੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਟਰਾਲੀ ਦੀ ਲੰਬਾਈ ਅਤੇ ਚੌੜਾਈ ਜ਼ਿਆਦਾ ਹੋਣ ਕਾਰਨ ਸਾਹਮਣੇ ਤੋਂ ਆਉਣ ਵਾਲੇ ਵਾਹਨਾਂ ਦਾ ਅੰਦਾਜ਼ਾ ਲਗਾਉਣਾ ਔਖਾ ਹੋ ਜਾਂਦਾ ਹੈ। ਅਜਿਹੇ ’ਚ ਓਵਰਟੇਕ ਕਰਨ ਵਾਲੇ ਵਾਹਨ ਚਾਲਕ ਨੂੰ ਅਚਾਨਕ ਬ੍ਰੇਕ ਲਗਾਉਣੀ ਪੈਂਦੀ ਹੈ ਜਾਂ ਸੜਕ ਦੇ ਕਿਨਾਰੇ ਜਾਣਾ ਪੈਂਦਾ ਹੈ। ਮਾੜੀ ਜਿਹੀ ਚੂਕ ਹੋਣ ’ਤੇ ਟੱਕਰ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਓਵਰਲੋਡ ਟਰਾਲੀਆਂ ਵਿੱਚ ਕਈ ਵਾਰ ਸਮਾਨ ਟਰਾਲੀ ਦੀ ਨਿਰਧਾਰਿਤ ਉਚਾਈ ਅਤੇ ਚੌੜਾਈ ਤੋਂ ਵੀ ਬਾਹਰ ਤੱਕ ਲੱਦਿਆ ਦਿਖਾਈ ਦਿੰਦਾ ਹੈ। ਇਸ ਨਾਲ ਚਾਲਕ ਨੂੰ ਪਿੱਛੇ ਅਤੇ ਆਸ-ਪਾਸ ਚੱਲ ਰਹੇ ਵਾਹਨਾਂ ਦਾ ਸਹੀ ਅੰਦਾਜ਼ਾ ਲਗਾਉਣ ਵਿੱਚ ਦਿੱਕਤ ਹੁੰਦੀ ਹੈ। ਸਮਾਨ ਜ਼ਿਆਦਾ ਹੋਣ ਕਾਰਨ ਟਰਾਲੀ ਦੀ ਰਫ਼ਤਾਰ ਅਤੇ ਬ੍ਰੇਕਿੰਗ ਸਮਰੱਥਾ ’ਤੇ ਵੀ ਅਸਰ ਪੈਂਦਾ ਹੈ। ਅਚਾਨਕ ਸਾਹਮਣੇ ਕੋਈ ਵਾਹਨ ਜਾਂ ਵਿਅਕਤੀ ਆ ਜਾਣ ’ਤੇ ਅਜਿਹੀ ਭਾਰੀ ਟਰਾਲੀ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਸਕਦਾ ਹੈ। ਰੋਜ਼ਾਨਾ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਸੰਦੀਪ ਕੁਮਾਰ, ਦੀਪਕ ਅਤੇ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਮੁਕਤਸਰ ਤੋਂ ਮਲੋਟ, ਫ਼ਿਰੋਜ਼ਪੁਰ ਰੋਡ ਅਤੇ ਸ਼ਹਿਰ ਤੋਂ ਬਾਹਰ ਜਾਣ ਵਾਲੀਆਂ ਹੋਰ ਮੁੱਖ ਸੜਕਾਂ ’ਤੇ ਦਿਨ ਭਰ ਪਰਾਲੀ ਨਾਲ ਲੱਦੀਆਂ ਓਵਰਲੋਡ ਟਰਾਲੀਆਂ ਦੀ ਆਵਾਜਾਈ ਰਹਿੰਦੀ ਹੈ। ਕਈ ਟਰਾਲੀਆਂ ਤੇਜ਼ ਰਫ਼ਤਾਰ ਨਾਲ ਚੱਲਦੀਆਂ ਹਨ ਅਤੇ ਦੂਜੀਆਂ ਗੱਡੀਆਂ ਨੂੰ ਰਸਤਾ ਦੇਣ ਦੀ ਬਜਾਏ ਸੜਕ ’ਤੇ ਹੀ ਆਪਣੀ ਰਫ਼ਤਾਰ ਨਾਲ ਅੱਗੇ ਵਧਦੀਆਂ ਰਹਿੰਦੀਆਂ ਹਨ। ਇਸ ਨਾਲ ਪਿੱਛੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਚਾਲਕ ਜੋਖਮ ਚੁੱਕ ਕੇ ਓਵਰਟੇਕ ਕਰਨ ਲਈ ਮਜਬੂਰ ਹੁੰਦੇ ਹਨ। ਓਵਰਲੋਡ ਵਾਹਨਾਂ ਖ਼ਿਲਾਫ਼ ਸਮੇਂ-ਸਮੇਂ ’ਤੇ ਟ੍ਰੈਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ, ਚਲਾਨ ਵੀ ਕੱਟੇ ਜਾਂਦੇ ਹਨ, ਪਰ ਇਸ ਦੇ ਬਾਵਜੂਦ ਓਵਰਲੋਡ ਟਰਾਲੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਨਹੀਂ ਹੋਈ। ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਸਿਰਫ਼ ਚਲਾਨ ਕੱਟਣ ਦੀ ਬਜਾਏ ਨਿਯਮਿਤ ਜਾਂਚ ਅਤੇ ਸਮਰੱਥਾ ਤੋਂ ਵੱਧ ਸਮਾਨ ਲੱਦਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜ਼ਰੂਰੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁੱਖ ਮਾਰਗਾਂ ’ਤੇ ਓਵਰਲੋਡ ਵਾਹਨਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ। ਨਾਲ ਹੀ ਟਰਾਲੀਆਂ ਵਿੱਚ ਸਮਰੱਥਾ ਅਨੁਸਾਰ ਹੀ ਸਮਾਨ ਲੱਦਣ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਇਸ ਸਮੱਸਿਆ ’ਤੇ ਰੋਕ ਲੱਗ ਸਕੇ। ਇਸ ਸਬੰਧੀ ਜਦੋਂ ਏਆਰਟੀਓ ਰਾਕੇਸ਼ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਓਵਰਲੋਡ ਟਰਾਲੀਆਂ ਦੇ ਚਲਾਨ ਕੱਟੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ’ਚ 15 ਤੋਂ 20 ਟਰਾਲੀਆਂ ਦੇ ਚਲਾਨ ਕੱਟੇ ਗਏ ਹਨ। ਇਸਤੋਂ ਇਲਾਵਾ ਟਰਾਲੀ ਚਾਲਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਅੱਗੇ ਵੀ ਕਾਰਵਾਈ ਜਾਰੀ ਰਹੇਗੀ।