- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਦਾ ਗਲੈਡੀਓਲਸ ਸਕੂਲ’ ’ਚ ਅਧਿਆਪਕਾਂ ਲਈ ਕਲਾਸਰੂਮ ਪ੍ਰਬੰਧਨ ’ਤੇ ਸਮਰੱਥਾ ਨਿਰਮਾਣ ਵਰਕਸ਼ਾਪ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ‘ਦਾ ਗਲੈਡੀਓਲਸ ਸਕੂਲ’ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਿੰਸੀਪਲ ਸੰਦੀਪ ਕੌਰ ਦੀ ਅਗਵਾਈ ਹੇਠ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਲਈ ‘ਕਲਾਸਰੂਮ ਪ੍ਰਬੰਧਨ ਅਤੇ ਵਿਦਿਆਰਥੀ ਵਿਹਾਰ’ ਵਿਸ਼ੇ ’ਤੇ ਸਮਰੱਥਾ ਨਿਰਮਾਣ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਸੰਦੀਪ ਕੌਰ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਮੈਡਮ ਵੱਲੋਂ ਵਰਕਸ਼ਾਪ ਦੀ ਵਿਸ਼ੇਸ਼ ਮਾਹਿਰ ਨੀਰੂ ਗਾਂਧੀ, ਐਜੂਕੇਸ਼ਨਲ ਕੰਸਲਟੈਂਟ ਅਤੇ ਟੀਚਰ ਟ੍ਰੇਨਰ ਦਾ ਸਕੂਲ ’ਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਅਧਿਆਪਕਾਂ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਈ ਗਈ। ਵਰਕਸ਼ਾਪ ਦੌਰਾਨ ਨੀਰੂ ਗਾਂਧੀ ਨੇ ਪ੍ਰਭਾਵਸ਼ਾਲੀ ਕਲਾਸਰੂਮ ਪ੍ਰਬੰਧਨ, ਵਿਦਿਆਰਥੀਆਂ ਦੇ ਵਿਹਾਰ ਨੂੰ ਸਮਝਣ, ਅਨੁਸ਼ਾਸਨ ਬਣਾਈ ਰੱਖਣ ਅਤੇ ਸਕਾਰਾਤਮਕ ਸਿੱਖਣ ਮਾਹੌਲ ਸਿਰਜਣ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਵਧਾਉਣ ਅਤੇ ਅਧਿਆਪਕ-ਵਿਦਿਆਰਥੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਹਾਰਕ ਯੋਜਨਾਵਾਂ ਬਾਰੇ ਵੀ ਚਾਨਣਾ ਪਾਇਆ। ਇੰਟਰਐਕਟਿਵ ਸੈਸ਼ਨ ਦੌਰਾਨ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਅਧਿਆਪਨ ਤਜਰਬੇ ਸਾਂਝੇ ਕੀਤੇ। ਵਰਕਸ਼ਾਪ ਨੇ ਅਧਿਆਪਕਾਂ ਨੂੰ ਕਲਾਸਰੂਮ ਦੀਆਂ ਵੱਖ-ਵੱਖ ਸਥਿਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਸਬੰਧੀ ਨਵੀਂ ਸੂਝ ਪ੍ਰਦਾਨ ਕੀਤੀ। ਇਸ ਮੌਕੇ ਪ੍ਰਿੰਸੀਪਲ ਸੰਦੀਪ ਕੌਰ ਨੇ ਅਧਿਆਪਕਾਂ ਦੇ ਨਿਰੰਤਰ ਪੇਸ਼ੇਵਰ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਵਰਕਸ਼ਾਪ ਦੇ ਅੰਤ ਵਿੱਚ ਪ੍ਰਿੰਸੀਪਲ ਮੈਡਮ ਸੰਦੀਪ ਕੌਰ, ਮੈਨੇਜਰ ਵੀਰਪਾਲ ਕੌਰ ਅਤੇ ਕੋਆਰਡੀਨੇਟਰ ਵੱਲੋਂ ਮਿਲ ਕੇ ਸ੍ਰੀਮਤੀ ਨੀਰੂ ਗਾਂਧੀ ਨੂੰ ਸਨਮਾਨ ਅਤੇ ਧੰਨਵਾਦ ਦੇ ਪ੍ਰਤੀਕ ਵਜੋਂ ਪ੍ਰਸ਼ੰਸ਼ਾ ਚਿੰਨ੍ਹ ਭੇਟ ਕੀਤਾ ਗਿਆ। ਉਪਰੰਤ ਪ੍ਰਿੰਸੀਪਲ ਮੈਡਮ ਅਤੇ ਸਾਰੇ ਅਧਿਆਪਕਾਂ ਵੱਲੋਂ ਮਿਲ ਕੇ ਨੀਰੂ ਗਾਂਧੀ ਨਾਲ ਯਾਦਗਾਰੀ ਤਸਵੀਰ ਵੀ ਖਿਚਵਾਈ ਗਈ। ਸਾਰਿਆਂ ਨੇ ਉਨ੍ਹਾਂ ਦੇ ਕੀਮਤੀ ਮਾਰਗਦਰਸ਼ਨ ਅਤੇ ਗਿਆਨਵਰਧਕ ਸੈਸ਼ਨ ਲਈ ਧੰਨਵਾਦ ਕੀਤਾ।