ਪੀਐੱਮ ਮੋਦੀ ਦੇ ਜਨਮ ਦਿਨ ਮੌਕੇ ਨਵੀਂ ਦਿੱਲੀ ਤੋਂ ਹੋਵੇਗਾ ‘ਨਮੋ ਕ੍ਰਿਕਟ ਲੀਗ’ ਦਾ ਆਗ਼ਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਨਵੀਂ ਦਿੱਲੀ ਤੋਂ ਹੋਵੇਗਾ ‘ਨਮੋ ਕ੍ਰਿਕਟ ਲੀਗ’ ਦਾ ਆਗਾਜ਼
Publish Date: Mon, 07 Sep 2026 04:49 PM (IST)
Updated Date: Mon, 07 Sep 2026 04:52 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਜਪਾ ਵੱਲੋਂ ‘ਕ੍ਰਿਕਟ ਨੂੰ ਹਾਂ, ਨਸ਼ੇ ਨੂੰ ਨਾ ਨਾਅਰੇ ਤਹਿਤ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 17 ਸਤੰਬਰ ਦੇ ਸ਼ੁਭ ਮੌਕੇ ’ਤੇ ਨਵੀਂ ਦਿੱਲੀ ਸਥਿਤ ਕੇਡੀ ਜਾਧਵ ਕੁਸ਼ਤੀ ਸਟੇਡੀਅਮ, ਇੰਦਰਾ ਗਾਂਧੀ ਖੇਡ ਪਰਿਸਰ ਤੋਂ ਨਮੋ ਕ੍ਰਿਕਟ ਲੀਗ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਕ੍ਰਿਕਟ ਲੀਗ ਦੀ ਸ਼ੁਰੂਆਤ ਮੁੱਖ ਮਹਿਮਾਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਕਰਨਗੇ। ਜਦਕਿ ਉਦਘਾਟਨੀ ਸਮਾਰੋਹ ਵਿੱਚ ਪੰਜ ਰਾਜਾਂ ਦੇ ਰਾਜਪਾਲਾਂ ਸਮੇਤ ਹੋਰ ਮੰਤਰੀ ਸਾਹਿਬਾਨ ਵੀ ਸ਼ਾਮਲ ਰਹਿਣਗੇ। ‘ਨਮੋ ਲੀਗ’ ਨੂੰ ਲੈ ਕੇ ਮੁਕਤਸਰ ਦੇ ਸਿਟੀ ਹੋਟਲ ’ਚ ਜੋਨਲ ਇੰਚਾਰਜ ਕੁਲਵੰਤ ਸਿੰਘ ਗਿੱਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਰਾਜੇਸ਼ ਗੋਰਾ ਪਠੇਲਾ ਸਮੇਤ ਹੋਰ ਆਗੂਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਕੁਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਕ੍ਰਿਕਟ ਲੀਗ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਲੀਗ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਵਾਲੇ ਦਿਨ ਨਵੀਂ ਦਿੱਲੀ ਤੋਂ ਹੋਵੇਗੀ। ਇਸੇ ਦਿਨ ਤੋਂ ਉਕਤ ਪੰਜਾਂ ਰਾਜਾਂ ’ਚ ਇੱਕੋ ਸਮੇਂ ਇਹ ਲੀਗ ਸ਼ੁਰੂ ਹੋ ਜਾਵੇਗੀ। ਇਹ ਮੈਚ 25 ਸਤੰਬਰ ਤੱਕ ਚੱਲਣਗੇ। ਇਸ ਤਹਿਤ ਮੁਕਤਸਰ ਜ਼ੋਨ ਦੀਆਂ ਕਰੀਬ ਸੌ ਟੀਮਾਂ ਦੇ ਮੈਚ ਵੀ ਹੋਣਗੇ। 28 ਸਤੰਬਰ ਨੂੰ ਪੰਜਾਂ ਰਾਜਾਂ ਦੀਆਂ ਟੀਮਾਂ ਵਿੱਚੋਂ ਜੋ ਫਾਈਨਲ ਲਈ ਚੁਣੀਆਂ ਜਾਣਗੀਆਂ, ਉਨ੍ਹਾਂ ਦਾ ਮੈਚ ਪੰਚਕੂਲਾ ਵਿੱਚ ਹੋਵੇਗਾ। ਇਸ ਤਰ੍ਹਾਂ ਨਵੀਂ ਦਿੱਲੀ ਤੋਂ ਸ਼ੁਰੂ ਹੋਈ ਲੀਗ ਦਾ ਸਮਾਪਨ ਪੰਚਕੂਲਾ ਵਿੱਚ ਹੋਵੇਗਾ। ਲੀਗ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੀ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੈ ਅਤੇ ਖਿਡਾਰੀਆਂ ਨੂੰ ਕ੍ਰਿਕਟ ਕਿੱਟ, ਵਰਦੀ ਆਦਿ ਸਾਮਾਨ ਵੀ ਮੁਫ਼ਤ ਦਿੱਤਾ ਜਾਵੇਗਾ। ਰਜਿਸਟ੍ਰੇਸ਼ਨ ਲਈ 99888-51556, 99888-51557, 99888-51558, 99888-51559 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੁਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਇੱਕ ਸ਼ਾਨਦਾਰ ਸਮਾਰੋਹ ਤਹਿਤ ਨਮੋ ਕ੍ਰਿਕਟ ਲੀਗ ਦੀ ਟਰਾਫ਼ੀ ਲਾਂਚ ਕਰ ਦਿੱਤੀ ਗਈ ਹੈ। ਲੀਗ ਮੈਚ ਦਾ ਪਹਿਲਾ ਇਨਾਮ 21 ਲੱਖ, ਦੂਜਾ ਇਨਾਮ 11 ਲੱਖ, ਤੀਜਾ ਇਨਾਮ 5 ਲੱਖ, ਚੌਥਾ ਇਨਾਮ ਢਾਈ ਲੱਖ ਰੁਪਏ ਹੈ। ਇਸਤੋਂ ਇਲਾਵਾ ਮੈਨ ਆਫ਼ ਦ ਟੂਰਨਾਮੈਂਟ ਨੂੰ ਸ਼ਾਨਦਾਰ ਕਾਰ ਸਮੇਤ ਕਈ ਹੋਰ ਇਨਾਮ ਵੀ ਦਿੱਤੇ ਜਾਣਗੇ। ਇਹੋ ਨਹੀਂ ਜੋਨਲ ਵਿਜੇਤਾ ਨੂੰ 31 ਹਜ਼ਾਰ ਅਤੇ ਜੋਨਲ ਰਨਰ-ਅੱਪ ਨੂੰ 21 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਪ੍ਰੈੱਸ ਕਾਨਫਰੰਸ ਮੌਕੇ ਭਾਜਪਾ ਮੰਡਲ ਚੜ੍ਹਦੀ ਕਲਾ ਦੇ ਸਾਬਕਾ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ, ਅਸ਼ਵਨੀ ਗਿਰਧਰ, ਨੀਟਾ ਤੰਵਰ, ਵਿਕਰਾਂਤ ਤੇਰੀਆ, ਨਵੀਨ ਕੁਮਾਰ ਨਵੀ ਮੋਰਵਾਲ ਵੀ ਮੌਜੂਦ ਸਨ।