ਸ੍ਰੀ ਮੁਕਤਸਰ ਸਾਹਿਬ ਵਿਖੇ ਸਕੂਲ,ਬਜ਼ਾਰ ਤੇ ਬੱਸਾਂ ਮੁਕੰਮਲ ਬੰਦ, ਆਮ ਜਨ-ਜੀਵਨ ਹੋਇਆ ਲੀਹੋਂ ਲਾਹੇ ਸ੍ਰੀ ਮੁਕਤਸਰ ਸਾਹਿਬ ਵਿਖੇ ‘ਪੰਜਾਬ ਬੰਦ’ ਦਾ ਵਿਆਪਕ ਅਸਰ
Publish Date: Fri, 21 Aug 2026 03:53 PM (IST)
Updated Date: Fri, 21 Aug 2026 03:54 PM (IST)
ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੇਹੱਦ ਵਿਆਪਕ ਅਤੇ ਡੂੰਘਾ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਮੱਦੇਨਜ਼ਰ ਸ਼ਹਿਰ ਦੇ ਆਮ ਜਨ-ਜੀਵਨ ਦੀ ਰਫ਼ਤਾਰ ਪੂਰੀ ਤਰ੍ਹਾਂ ਥੰਮ੍ਹ ਗਈ। ਸ਼ਹਿਰ ਦੇ ਸਮੂਹ ਸਰਕਾਰੀ ਤੇ ਨਿੱਜੀ ਸਕੂਲ-ਕਾਲਜ, ਮੁੱਖ ਵਪਾਰਕ ਕੇਂਦਰ ਅਤੇ ਬੱਸ ਸੇਵਾਵਾਂ ਪੂਰਨ ਤੌਰ ’ਤੇ ਠੱਪ ਰਹੀਆਂ। ਸ਼ਹਿਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ ਅਤੇ ਹਰ ਪਾਸੇ ਸੰਨਾਟਾ ਪਸਰਿਆ ਨਜ਼ਰ ਆਇਆ। ਹਾਲਾਂਕਿ ਦਵਾਈਆਂ ਦੀਆਂ ਦੁਕਾਨਾਂ (ਕੈਮਿਸਟ), ਡੇਅਰੀਆਂ, ਸ਼ਰਾਬ ਦੇ ਠੇਕੇ ਅਤੇ ਸ਼ਹਿਰ ਦੇ ਬਾਹਰੀ ਹਿੱਸਿਆਂ ’ਚ ਇੱਕਾ-ਦੁੱਕਾ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਆਵਾਜਾਈ ਸੇਵਾਵਾਂ ਠੱਪ, ਮੁਸਾਫ਼ਰ ਹੋਏ ਖ਼ੱਜਲ-ਖ਼ੁਆਰ ਆਵਾਜਾਈ ਦੇ ਪੱਖੋਂ ਬੰਦ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ। ਲੰਬੇ ਰੂਟ ਦੀਆਂ ਬੱਸਾਂ ਦਾ ਸੰਚਾਲਨ ਪੂਰੀ ਤਰ੍ਹਾਂ ਠੱਪ ਰਿਹਾ, ਜਦਕਿ ਸਥਾਨਕ ਰੂਟਾਂ ’ਤੇ ਵੀ ਰੋਡਵੇਜ਼ ਅਤੇ ਪ੍ਰਾਈਵੇਟ ਕੰਪਨੀਆਂ ਦੀਆਂ ਇੱਕਾ-ਦੁੱਕਾ ਬੱਸਾਂ ਹੀ ਨਜ਼ਰ ਆਈਆਂ। ਬੱਸਾਂ ਨਾ ਚੱਲਣ ਕਾਰਨ ਵੱਡੀ ਗਿਣਤੀ ’ਚ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੱਕ ਪੀੜਤ ਮੁਸਾਫ਼ਰ ਨੇ ਦੱਸਿਆ ਕਿ ਉਸਨੇ ਅਦਾਲਤੀ ਪੇਸ਼ੀ ਲਈ ਲੁਧਿਆਣਾ ਜਾਣਾ ਸੀ, ਪਰ ਬੱਸ ਸੇਵਾ ਬੰਦ ਹੋਣ ਅਤੇ ਕੋਈ ਵੀ ਟੈਕਸੀ ਚਾਲਕ ਜਾਣ ਲਈ ਤਿਆਰ ਨਾ ਹੋਣ ਕਾਰਨ ਉਹ ਵਿਚਕਾਰ ਹੀ ਫਸ ਗਿਆ। ਇਸੇ ਤਰ੍ਹਾਂ ਦੂਰ-ਦੁਰਾਡੇ ਤੋਂ ਸ਼ਹਿਰ ਪੁੱਜੇ ਅਨੇਕਾਂ ਯਾਤਰੀ ਅੱਗੇ ਜਾਣ ਲਈ ਕਿਸੇ ਵੀ ਸਾਧਨ ਦੇ ਨਾ ਮਿਲਣ ਕਾਰਨ ਘੰਟਿਆਂ ਬੱਧੀ ਖ਼ੱਜਲ-ਖ਼ੁਆਰ ਹੁੰਦੇ ਰਹੇ। ਦਫ਼ਤਰਾਂ ਚ ਸੁੰਨਸਾਨ, ਕਾਮਿਆਂ ਦੀ ਹੜਤਾਲ ਨਾਲ ਡਬਲ ਪ੍ਰਭਾਵ ਬੰਦ ਦੇ ਅਸਰ ਕਰਕੇ ਸਰਕਾਰੀ ਦਫ਼ਤਰਾਂ ’ਚ ਵੀ ਆਮ ਲੋਕਾਂ ਦੀ ਆਮਦ ਨਾਮਾਤਰ ਹੀ ਰਹੀ। ਜ਼ਿਕਰਯੋਗ ਹੈ ਕਿ ਮਨਿਸਟਰੀਅਲ ਸਟਾਫ਼ ਦੀ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀ ਲਗਾਤਾਰ ਹੜਤਾਲ ਕਾਰਨ ਦਫ਼ਤਰੀ ਕੰਮਕਾਜ ਪਹਿਲਾਂ ਹੀ ਠੱਪ ਪਿਆ ਸੀ, ਜਿਸ ਉੱਤੇ ਅੱਜ ਦੇ ਪੰਜਾਬ ਬੰਦ ਨੇ ‘ਦੋਹਰੀ ਮਾਰ’ ਦਾ ਕੰਮ ਕੀਤਾ। ਦੁਕਾਨਦਾਰਾਂ ਨੇ ਬੰਦ ਰੱਖੇ ਕਾਰੋਬਾਰ ਸਥਾਨਕ ਦੁਕਾਨਦਾਰਾਂ ਅਨੁਸਾਰ, ਸ਼ਹਿਰ ’ਚ ਬੰਦ ਲਈ ਕੋਈ ਜਨਤਕ ਹੋਕਾ ਜਾਂ ਮੁਨਿਆਦੀ ਨਹੀਂ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਖ਼ਬਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਮਿਲੀ ਜਾਣਕਾਰੀ ਤੋਂ ਬਾਅਦ, ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਤਣਾਅ ਜਾਂ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਵਪਾਰੀਆਂ ਨੇ ਅਮਨ-ਸ਼ਾਂਤੀ ਬਣਾਏ ਰੱਖਣ ਦੀ ਪਹਿਲ ਕਰਦਿਆਂ ਆਪਮੁਹਾਰੇ ਹੀ ਆਪਣੇ ਕਾਰੋਬਾਰ ਬੰਦ ਰੱਖਣ ਦਾ ਫ਼ੈਸਲਾ ਕੀਤਾ।