ਸਵਾ ਚਾਰ ਕਰੋੜ ਦੀ ਲਾਗਤ ਨਾਲ ਬਣਿਆ ਪੁਲ ਮੁੜ ਵਿਵਾਦਾਂ 'ਚ ਸਵਾ ਚਾਰ ਕਰੋੜ ਦੀ ਲਾਗਤ ਨਾਲ ਬਣਿਆ ਪੁਲ ਫਿਰ ਵਿਵਾਦਾਂ 'ਚ
Publish Date: Wed, 19 Aug 2026 06:51 PM (IST)
Updated Date: Wed, 19 Aug 2026 06:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਪਿੰਡ ਕਾਉਣੀ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਚੰਦਭਾਨ ਡਰੇਨ ਤੇ ਲਗਭਗ 4.25 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਪੁਲ ਇੱਕ ਵਾਰ ਫਿਰ ਵਿਵਾਦਾਂ ਚ ਘਿਰ ਗਿਆ ਹੈ। ਪੁਲ ਦੇ ਨਿਰਮਾਣ ਕਾਰਜ ਦੀ ਗੁਣਵੱਤਾ ਨੂੰ ਲੈ ਕੇ ਪਿੰਡ ਕਾਉਣੀ ਦੇ ਨਿਵਾਸੀਆਂ ਨੇ ਸਬੰਧਤ ਵਿਭਾਗ ਅਤੇ ਠੇਕੇਦਾਰ ਦੀ ਕਾਰਜਪ੍ਰਣਾਲੀ ਤੇ ਗੰਭੀਰ ਸਵਾਲ ਚੁੱਕੇ ਹਨ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਪਿੰਡ ਦੇ ਨਿਵਾਸੀਆਂ ਅੰਗਰੇਜ਼ ਸਿੰਘ, ਲਖਵਿੰਦਰ ਸਿੰਘ, ਰਵਿੰਦਰ ਸਿੰਘ, ਬਲਕਰਨ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਅਤੇ ਰਛਪਾਲ ਸਿੰਘ ਨੇ ਦੱਸਿਆ ਕਿ ਪੁਲ ਨੂੰ ਚਾਲੂ ਹੋਏ ਅਜੇ ਕੁਝ ਹੀ ਮਹੀਨੇ ਹੋਏ ਹਨ। ਦੋਸ਼ ਹੈ ਕਿ ਪੁਲ ਦੇ ਲੈਂਟਰ ’ਚ ਤਰੇੜਾਂ ਆਉਣ ਤੋਂ ਬਾਅਦ ਹੁਣ ਵਿਭਾਗ ਵੱਲੋਂ ਉਸ ਹਿੱਸੇ ਨੂੰ ਪੁੱਟ ਕੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਲੋਕਾਂ ਨੇ ਕਿਹਾ ਕਿ ਪੁਲ ਦੀ ਐਪ੍ਰੋਚ ਰੋਡ ਬਹੁਤ ਉੱਚੀ ਬਣਾਈ ਗਈ ਹੈ ਅਤੇ ਅਜੇ ਤੱਕ ਕੱਚੀ ਹੋਣ ਕਰਕੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਵੱਲੋਂ ਪੁਲ ਨੂੰ ਕੁਝ ਦਿਨਾਂ ਲਈ ਆਵਾਜਾਈ ਵਾਸਤੇ ਬੰਦ ਕਰਨ ਦੀ ਗੱਲ ਕਹੀ ਜਾ ਰਹੀ ਹੈ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਨਿਸ਼ਪੱਖ ਜਾਂਚ ਨਾ ਕਰਵਾਈ ਗਈ ਅਤੇ ਦੋਸ਼ੀਆਂ ਤੇ ਕਾਰਵਾਈ ਨਾ ਹੋਈ, ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਸਬੰਧੀ ਜਦੋਂ ਜੇਈ ਦਵਿੰਦਰ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲ ਤੇ ਕੁਝ ਕੰਮ ਕਰਵਾਇਆ ਜਾ ਰਹਾ ਹੈ ਅਤੇ ਕੁਝ ਹੀ ਦਿਨਾਂ ’ਚ ਇਸਨੂੰ ਦੁਬਾਰਾ ਆਵਾਜਾਈ ਲਈ ਚਾਲੂ ਕਰ ਦਿੱਤਾ ਜਾਵੇਗਾ। ਐਕਸੀਅਨ ਵੀਨਸ ਗਰਗ ਨੇ ਕਿਹਾ ਕਿ ਪੁਲ ਦੀ ਹੋ ਰਹੀ ਮੁਰੰਮਤ ਬਾਰੇ ਮੈਨੂੰ ਕਿਸੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੈਂ ਇਸ ਸਬੰਧ ’ਚ ਪੂਰੀ ਸਥਿਤੀ ਦਾ ਪਤਾ ਲਗਾਉਣ ਤੋਂ ਬਾਅਦ ਹੀ ਕੁਝ ਕਹਿ ਸਕਾਂਗਾ।