ਖੱਡਿਆਂ ’ਚ ਤਬਦੀਲ ਮੁਕਤਸਰ ਦੀਆਂ ਸੜਕਾਂ, ਹਰ ਕਦਮ 'ਤੇ ਹਾਦਸੇ ਦਾ ਖ਼ਤਰਾ ਖੱਡਿਆਂ ’ਚ ਤਬਦੀਲ ਮੁਕਤਸਰ ਦੀਆਂ ਸੜਕਾਂ, ਹਰ ਕਦਮ 'ਤੇ ਹਾਦਸੇ ਦਾ ਖ਼ਤਰਾ
Publish Date: Wed, 12 Aug 2026 06:56 PM (IST)
Updated Date: Wed, 12 Aug 2026 06:59 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀਆਂ ਸੜਕਾਂ ਪਿਛਲੇ ਲੰਮੇ ਸਮੇਂ ਤੋਂ ਬਦਹਾਲੀ ਦਾ ਸ਼ਿਕਾਰ ਹਨ। ਮਾਨਸੂਨ ਦੀ ਬਾਰਿਸ਼ ਤੋਂ ਬਾਅਦ ਇਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਹੈ ਕਿ ਲੋਕਾਂ ਨੂੰ ਰੋਜ਼ਾਨਾ ਜਾਨ ਜੋਖਮ ’ਚ ਪਾ ਕੇ ਸਫ਼ਰ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਕਈ ਮੁੱਖ ਮਾਰਗਾਂ ਤੇ ਜਗ੍ਹਾ-ਜਗ੍ਹਾ ਵੱਡੇ-ਵੱਡੇ ਖੱਡੇ ਬਣ ਚੁੱਕੇ ਹਨ। ਬਾਰਿਸ਼ ਦਾ ਪਾਣੀ ਇਨ੍ਹਾਂ ਖੱਡਿਆਂ ’ਚ ਭਰ ਜਾਣ ਕਾਰਨ ਇਨ੍ਹਾਂ ਦੀ ਡੂੰਘਾਈ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ’ਚ ਦੋਪਹੀਆ ਵਾਹਨ ਚਾਲਕ ਆਏ ਦਿਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਜਦਕਿ ਚਾਰ ਪਹੀਆ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਪਿਛਲੇ ਕਰੀਬ ਤਿੰਨ ਮਹੀਨਿਆਂ ’ਚ 10 ਤੋਂ 12 ਲੋਕ ਇਨ੍ਹਾਂ ਖੱਡਿਆਂ ਕਾਰਨ ਜ਼ਖ਼ਮੀ ਹੋ ਚੁੱਕੇ ਹਨ। ਸ਼ਹਿਰ ਦੇ ਕੋਟਕਪੂਰਾ ਰੋਡ ਤੋਂ ਚੁੰਗੀ ਵੱਲ ਜਾਣ ਵਾਲਾ ਕੱਚਾ ਥਾਂਦੇਵਾਲਾ ਰੋਡ, ਸਰਕਾਰੀ ਕਾਲਜ ਤੋਂ ਜਲਾਲਾਬਾਦ ਬਾਈਪਾਸ ਰੋਡ, ਬਠਿੰਡਾ-ਮਲੋਟ ਬਾਈਪਾਸ ਅਤੇ ਅਬੋਹਰ ਰੋਡ ਦੀ ਹਾਲਤ ਬੇਹੱਦ ਖ਼ਰਾਬ ਹੈ। ਇਨ੍ਹਾਂ ਮਾਰਗਾਂ ’ਤੇ ਜਗ੍ਹਾ-ਜਗ੍ਹਾ ਕਰੀਬ ਇੱਕ ਫੁੱਟ ਤੱਕ ਲੰਬੇ ਅਤੇ ਅੱਠ ਇੰਚ ਤੱਕ ਡੂੰਘੇ ਖੱਡੇ ਦਿਖਾਈ ਦੇ ਰਹੇ ਹਨ। ਕਈ ਥਾਵਾਂ ਤੇ ਸੜਕ ’ਚ ਪਾਇਆ ਗਿਆ ਸਰੀਆ ਵੀ ਬਾਹਰ ਨਿਕਲ ਆਇਆ ਹੈ। ਇਸ ਨਾਲ ਵਾਹਨ ਚਾਲਕਾਂ ਲਈ ਦੁਰਘਟਨਾ ਦਾ ਖ਼ਤਰਾ ਹੋਰ ਵਧ ਗਿਆ ਹੈ। -ਸਰਕਾਰੀ ਕਾਲਜ ਤੋਂ ਜਲਾਲਾਬਾਦ ਬਾਈਪਾਸ ਤੱਕ ਸਫ਼ਰ ਘੱਟ, ਜੋਖਮ ਜ਼ਿਆਦਾ ਸਰਕਾਰੀ ਕਾਲਜ ਤੋਂ ਜਲਾਲਾਬਾਦ ਬਾਈਪਾਸ ਤੱਕ ਕਰੀਬ ਪੰਜ ਕਿਲੋਮੀਟਰ ਲੰਬੀ ਸੜਕ ਦੀ ਸਥਿਤੀ ਸਭ ਤੋਂ ਜ਼ਿਆਦਾ ਖ਼ਰਾਬ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਮੁਤਾਬਕ ਇਸ ਮਾਰਗ ਤੇ 500 ਤੋਂ ਵੱਧ ਖੱਡੇ ਹਨ। ਲਗਾਤਾਰ ਬਾਰਿਸ਼ ਕਾਰਨ ਸੜਕ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ ਅਤੇ ਕੁਝ ਥਾਵਾਂ ਤੇ ਸੜਕ ਦੇ ਹੇਠਾਂ ਪਾਇਆ ਲੋਹੇ ਦਾ ਸਰੀਆ ਬਾਹਰ ਨਿਕਲ ਆਇਆ ਹੈ। ਇਸ ਨਾਲ ਵਾਹਨ ਚਾਲਕਾਂ ਨੂੰ ਹਰ ਵੇਲੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਸ ਮਾਰਗ ਦੀ ਯੋਗ ਮੁਰੰਮਤ ਨਹੀਂ ਹੋਈ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਸਮੱਸਿਆ ਤੋਂ ਜਾਣੂ ਕਰਵਾਉਣ ਦੇ ਬਾਵਜੂਦ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਹੋ ਸਕਿਆ। ਇਸੇ ਤਰ੍ਹਾਂ ਕੋਟਕਪੂਰਾ ਰੋਡ ਤੋਂ ਚੁੰਗੀ ਵੱਲ ਜਾਣ ਵਾਲੇ ਕਰੀਬ ਤਿੰਨ ਕਿਲੋਮੀਟਰ ਲੰਬੇ ਕੱਚਾ ਥਾਂਦੇ ਵਾਲਾ ਰੋਡ ਦੀ ਹਾਲਤ ਵੀ ਬਦਤਰ ਹੈ। ਸਥਾਨਕ ਲੋਕਾਂ ਅਨੁਸਾਰ ਕਰੀਬ ਇੱਕ ਕਿਲੋਮੀਟਰ ਹਿੱਸੇ ਚ ਹੀ 100 ਤੋਂ ਵੱਧ ਖੱਡੇ ਹਨ। ਬਾਰਿਸ਼ ਹੋਣ ਤੋਂ ਬਾਅਦ ਇਹਨਾਂ ਚ ਪਾਣੀ ਭਰ ਜਾਂਦਾ ਹੈ ਅਤੇ ਵਾਹਨ ਚਾਲਕ ਅਕਸਰ ਸੰਤੁਲਨ ਗੁਆ ਬੈਠਦੇ ਹਨ। ਦੋ ਦਿਨ ਪਹਿਲਾਂ ਖੱਡੇ ਚ ਫਸੀ ਕਾਰ, ਬੰਪਰ ਟੁੱਟਿਆ ਸਥਾਨਕ ਨਿਵਾਸੀ ਹਨੀ, ਵਿਸ਼ਵਜੀਤ, ਰਿੰਕੂ, ਰਾਜਵੀਰ, ਰਾਜਨ ਕੁਮਾਰ, ਅਵਤਾਰ, ਦਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਹੁਣ ਚੱਲਣ ਯੋਗ ਨਹੀਂ ਬਚੀਆਂ ਹਨ। ਉਨ੍ਹਾਂ ਕਿਹਾ ਕਿ ਹਾਲਤ ਇਹ ਹੈ ਕਿ ਪਤਾ ਹੀ ਨਹੀਂ ਚੱਲਦਾ ਕਿ ਸੜਕ ’ਚ ਖੱਡੇ ਹਨ ਜਾਂ ਖੱਡਿਆਂ ’ਚ ਸੜਕ। ਸ਼ਹਿਰ ’ਚ ਜਿਸ ਪਾਸੇ ਵੀ ਜਾਓ, ਸੜਕਾਂ ਚ ਖੱਡੇ ਹੀ ਦਿਖਾਈ ਦਿੰਦੇ ਹਨ। ਓਹਨਾ ਦੱਸਿਆ ਕਿ ਆਏ ਦਿਨ ਦੋਪਹੀਆ ਵਾਹਨ ਚਾਲਕ ਖੱਡਿਆਂ ਚ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ। ਦੋ ਦਿਨ ਪਹਿਲਾਂ ਵੀ ਇੱਕ ਕਾਰ ਖੱਡੇ ਚ ਫਸਣ ਕਾਰਨ ਉਸ ਦਾ ਬੰਪਰ ਟੁੱਟ ਗਿਆ। ਕਈ ਹੋਰ ਚਾਰ ਪਹੀਆ ਵਾਹਨਾਂ ਦਾ ਵੀ ਇਨ੍ਹਾਂ ਖੱਡਿਆਂ ਕਾਰਨ ਨੁਕਸਾਨ ਹੋ ਚੁੱਕਾ ਹੈ। ਇਸ ਸਬੰਧ ਚ ਐਕਸੀਅਨ ਨਵੀਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਚ ਸੀਵਰੇਜ ਅਤੇ ਪਾਣੀ ਦੀ ਪਾਈਪ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ। ਜਿਵੇਂ ਹੀ ਕੰਮ ਪੂਰਾ ਹੁੰਦਾ ਹੈ ਤਾਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।