ਪੀਯੂ ਰੀਜਨਲ ਸੈਂਟਰ ਦੀ ਉਸਾਰੀ 'ਚ ਘਟੀਆ ਮਟੀਰੀਅਲ ਦਾ ਮਾਮਲਾ ਗਰਮਾਇਆ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਮੁਕਤਸਰ ਦੀ ਉਸਾਰੀ 'ਚ ਘਟੀਆ ਮਟੀਰੀਅਲ ਵਰਤਣ ਦਾ ਮਾਮਲਾ ਗਰਮਾਇਆ
Publish Date: Wed, 12 Aug 2026 06:18 PM (IST)
Updated Date: Wed, 12 Aug 2026 06:20 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਬਣ ਰਹੀ ਇਮਾਰਤ ਦੀ ਉਸਾਰੀ ’ਚ ਘਟੀਆ ਮਟੀਰੀਅਲ ਦੀ ਵਰਤੋਂ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਪਹਿਲਾਂ ਪ੍ਰਕਾਸ਼ਿਤ ਖ਼ਬਰਾਂ ਤੋਂ ਬਾਅਦ ਠੇਕੇਦਾਰ ਵੱਲੋਂ ਮਾੜਾ ਮਟੀਰੀਅਲ ਬਦਲ ਕੇ ਮਿਆਰੀ ਸਮੱਗਰੀ ਲਗਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅੱਜ ਮੌਕੇ ’ਤੇ ਜਾ ਕੇ ਵੇਖਣ ’ਤੇ ਪਤਾ ਲੱਗਿਆ ਕਿ ਤੀਜੇ ਦਿਨ ਵੀ ਉਹੀ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਸੀ। ਠੇਕੇਦਾਰ ਵੱਲੋਂ ਥੋੜ੍ਹੀਆਂ ਜਿਹੀਆਂ ਇੱਟਾਂ ਪੱਟ ਕੇ ਸਿਰਫ਼ ਖ਼ਾਨਾਪੂਰਤੀ ਕੀਤੀ ਗਈ ਹੈ, ਜਦਕਿ ਉਸਾਰੀ ਚ ਕੋਈ ਅਸਲ ਸੁਧਾਰ ਨਹੀਂ ਕੀਤਾ ਗਿਆ। ਉਧਰ ਇਸ ਗੰਭੀਰ ਮੁੱਦੇ ਦਾ ਨੋਟਿਸ ਲੈਂਦਿਆਂ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਮੁਕਤਸਰ ਦੇ ਡਾਇਰੈਕਟਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੰਸਟਰਕਸ਼ਨ ਵਿੰਗ ਨੂੰ ਇੱਕ ਵਿਸ਼ੇਸ਼ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ’ਚ ਅਹਿਮ ਨੁਕਤੇ ਉਠਾਏ ਗਏ ਹਨ ਕਿ ਸਾਲ 1998 ’ਚ ਸਥਾਪਿਤ ਹੋਏ ਇਸ ਰੀਜਨਲ ਸੈਂਟਰ ਨੂੰ ਲਗਭਗ ਤਿੰਨ ਦਹਾਕਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਪਣੀ ਪੱਕੀ ਇਮਾਰਤ ਨਸੀਬ ਹੋਈ ਹੈ। ਇਸ ਲਈ ਇਹ ਪ੍ਰੋਜੈਕਟ ਬਹੁਤ ਮਹੱਤਵਪੂਰਨ ਹੈ। ਪੱਤਰ ’ਚ ਚਿੰਤਾ ਜਤਾਈ ਗਈ ਹੈ ਕਿ ਫਿਲਹਾਲ ਸਿਰਫ਼ ਨੀਂਹ ਦਾ ਕੰਮ ਹੀ ਪੂਰਾ ਹੋਇਆ ਹੈ। ਜੇਕਰ ਨੀਂਹ ਹੀ ਕਮਜ਼ੋਰ ਜਾਂ ਘਟੀਆ ਸਮੱਗਰੀ ਨਾਲ ਬਣਾਈ ਗਈ ਤਾਂ ਭਵਿੱਖ ’ਚ ਉੱਪਰ ਚੰਗਾ ਮਟੀਰੀਅਲ ਲਗਾਉਣ ਦੇ ਬਾਵਜੂਦ ਵੀ ਪੂਰੀ ਇਮਾਰਤ ਦੀ ਸੁਰੱਖਿਆ ਖ਼ਤਰੇ ’ਚ ਪੈ ਸਕਦੀ ਹੈ। ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਜਾਨ ਲਈ ਵੀ ਖ਼ਤਰਾ ਬਣ ਸਕਦਾ ਹੈ। ਮੰਗ ਕੀਤੀ ਹੈ ਕਿ ਕੰਸਟਰਕਸ਼ਨ ਵਿੰਗ ਅਤੇ ਸਬੰਧਤ ਐੱਸਡੀਓ, ਤਕਨੀਕੀ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚ ਕੇ ਨਿਰੀਖਣ ਕਰਨ। ਇੱਟਾਂ ਅਤੇ ਹੋਰ ਉਸਾਰੀ ਸਮੱਗਰੀ ਦੀ ਜਾਂਚ ਮਾਹਰਾਂ ਵੱਲੋਂ ਕੀਤੀ ਜਾਵੇ ਅਤੇ ਲੋੜ ਪੈਣ ਤੇ ਸੈਂਪਲ ਲੈਬਾਰਟਰੀ ’ਚ ਟੈਸਟਿੰਗ ਲਈ ਭੇਜੇ ਜਾਣ। ਇਮਾਰਤ ਦੀ ਗੁਣਵੱਤਾ ਦੀ ਨਿਰਪੱਖ ਜਾਂਚ ਲਈ ਇੱਕ ਮਾਹਰ ਤਕਨੀਕੀ ਕਮੇਟੀ ਬਣਾਈ ਜਾਵੇ ਜੋ ਜਲਦ ਤੋਂ ਜਲਦ ਆਪਣੀ ਰਿਪੋਰਟ ਸੌਂਪੇ। ਉਸਾਰੀ ਦੇ ਕੰਮ ਅਤੇ ਮਟੀਰੀਅਲ ਦੀ ਗੁਣਵੱਤਾ ਉੱਤੇ ਨਿਰੰਤਰ ਨਿਗਰਾਨੀ ਰੱਖਣ ਲਈ ਮੁਕਤਸਰ ਵਿਖੇ ਇੱਕ ਜੂਨੀਅਰ ਇੰਜੀਨੀਅਰ ਜਾਂ ਹੋਰ ਯੋਗ ਤਕਨੀਕੀ ਅਧਿਕਾਰੀ ਨੂੰ ਪੱਕੇ ਤੌਰ ਤੇ ਤਾਇਨਾਤ ਕੀਤਾ ਜਾਵੇ। ਰੀਜਨਲ ਸੈਂਟਰ ਬਚਾਓ ਮੰਚ ਦੀ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਦੂਜੇ ਪਾਸੇ, ਰੀਜਨਲ ਸੈਂਟਰ ਬਚਾਓ ਮੰਚ ਦੇ ਕਨਵੀਨਰ ਜਸਕਰਨ ਸਿੰਘ ਬਰਾੜ ਅਤੇ ਗੁਰਸੇਵਕ ਸਿੰਘ ਪ੍ਰੀਤ ਨੇ ਇਸ ਮਾਮਲੇ ਤੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਮੰਗ ਕੀਤੀ ਹੈ ਕਿ ਰੀਜਨਲ ਸੈਂਟਰ ਦੀ ਉਸਾਰੀ ’ਚ ਕੇਵਲ ਉੱਚ-ਮਿਆਰੀ (ਗੁਣਵੱਤਾ ਭਰਪੂਰ) ਮਟੀਰੀਅਲ ਦੀ ਵਰਤੋਂ ਹੀ ਯਕੀਨੀ ਬਣਾਈ ਜਾਵੇ। ਹੁਣ ਤੱਕ ਲਗਾਇਆ ਗਿਆ ਸਮੁੱਚਾ ਘਟੀਆ ਮਟੀਰੀਅਲ ਤੁਰੰਤ ਬਦਲਿਆ ਜਾਵੇ। ਇਸ ਕੰਮ ’ਚ ਘੋਰ ਕੁਤਾਹੀ ਵਰਤਣ ਅਤੇ ਵਾਅਦਾ ਕਰਕੇ ਵੀ ਮਟੀਰੀਅਲ ਨਾ ਬਦਲਣ ਦੇ ਦੋਸ਼ ਹੇਠ ਠੇਕੇਦਾਰ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇ।