ਅਦਾਲਤੀ ਹੁਕਮਾਂ ਦੇ ਛੇ ਮਹੀਨੇ ਬਾਅਦ ਵੀ 15 ਕਿੱਲੇ ਜ਼ਮੀਨ ਦੀ ਨਹੀਂ ਕੀਤੀ ਚਾਰਦੀਵਾਰੀ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾ ਰਿਹੈ ਪੁੱਡਾ
Publish Date: Tue, 28 Jul 2026 05:32 PM (IST)
Updated Date: Tue, 28 Jul 2026 05:34 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਕੋਟਕਪੂਰਾ ਰੋਡ ਉਪਰ ਬਣੀ ਸਬ ਜੇਲ੍ਹ ਬਦਲਕੇ ਪਿੰਡ ਬੂੜਾ ਗੁੱਜਰ ਵਿਖੇ ਚਲੀ ਜਾਣ ਕਰਕੇ ਪੰਜਾਬ ਸਰਕਾਰ ਨੇ ਸਬ ਜੇਲ੍ਹ ਵਾਲੀ ਕਰੀਬ 15 ਕਿਲੇ ਜ਼ਮੀਨ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਨੂੰ ਅਲਾਟ ਕਰ ਦਿੱਤੀ ਸੀ। ਹੁਣ ਕਰੀਬ ਇਕ ਦਹਾਕੇ ਤੋਂ ਇਹ ਜ਼ਮੀਨ ਖਾਲ੍ਹੀ ਪਈ ਹੈ। ਇਸ ’ਚ ਕੂੜੇ ਅਤੇ ਮਲਬੇ ਦੇ ਢੇਰ ਲੱਗੇ ਹਨ। ਅਵਾਰਾਂ ਪਸ਼ੂਆਂ ਦਾ ਠਾਹਰ ਬਣੀ ਹੋਈ ਹੈ। ਪਾਣੀ ਖੜ੍ਹਾ ਰਹਿੰਦਾ ਹੈ। ਇਸ ਕਰਕੇ ਗੰਦਾ ਮੁਸ਼ਕ ਚਾਰੇ ਪਾਸੇ ਫੈਲਿਆ ਰਹਿੰਦਾ ਹੈ। ਮੁੱਖ ਸੜਕ ਕੋਟਕਪੂਰਾ ਰੋਡ ਉਪਰ ਰਕਬਾ ਹੋਣ ਕਰਕੇ ਹਰ ਵੇਲੇ ਅਵਾਰਾ ਪਸ਼ੂ ਸੜਕ ਉਪਰ ਆਉਂਦੇ ਰਹਿੰਦੇ ਹਨ ਜਿਸ ਕਰਕੇ ਐਕਸੀਡੈਂਟਾਂ ਦਾ ਖਤਰਾ ਬਣਿਆ ਰਹਿੰਦਾ ਹੈ। ਇਸਦੇ ਬਿਲਕੁਲ ਨਾਲ ਹਸਪਤਾਲ ਅਤੇ ਸੰਘਣੀ ਰਿਹਾਇਸ਼ੀ ਅਬਾਦੀ ਹੈ। ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਹੈ। ਬਿਮਾਰੀਆਂ ਫੈਲਣ ਤੇ ਅਵਾਰਾ ਪਸ਼ੂਆਂ ਵੱਲੋਂ ਸੱਟਾਂ ਮਾਰਨ ਦਾ ਖਤਰਾ ਹੈ। ਲੋਕਾਂ ਦੇ ਵਾਰ-ਵਾਰ ਕਹਿਣ ’ਤੇ ਵੀ ਪੁੱਡਾ ਨੇ ਇਸ ਜ਼ਮੀਨ ਦੀ ਸੰਭਾਲ ਨਹੀਂ ਕੀਤੀ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਸਿਵੀਆ ਦੇ ਸਪੁੱਤਰ ਡਾ. ਕੰਵਰਜੀਤ ਸਿੰਘ ਸਿਵੀਆ ਵੱਲੋਂ ਪਰਮਾਨੈਂਟ ਲੋਕ ਅਦਾਲਤ ਵੱਲੋਂ ਪੁੱਡਾ ਵਿਰੁੱਧ 26 ਅਪਰੈਲ 2022 ਨੂੰ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸਿਵੀਆ ਅਤੇ ਐਡਵੋਕੇਟ ਸੁਖਮੰਦਰ ਸਿੰਘ ਥਾਂਦੇਵਾਲਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਅਦਾਲਤ ਦੇ ਚੇਅਰਮੈਨ ਚਰਨਜੀਤ ਅਰੋੜਾ ਅਤੇ ਮੈਂਬਰ ਤੇਜਿੰਦਰ ਕੌਰ ਧਾਲੀਵਾਲ ਤੇ ਵੀਰਪਾਲ ਕੌਰ ਨੇ 28 ਜਨਵਰੀ 2026 ਨੂੰ ਪੁੱਡਾ ਨੂੰ ਹੁਕਮ ਦਿੱਤਾ ਸੀ ਕਿ ਤਿੰਨ ਮਹੀਨਿਆਂ ਦੇ ਅੰਦਰ-ਅੰਦਰ 120 ਕਨਾਲ 3 ਮਰਲੇ ਜਗ੍ਹਾ ਦੀ ਚਾਰਦੀਵਾਰੀ ਕਰਕੇ ਕਵਰ ਕੀਤਾ ਜਾਵੇ ਅਤੇ ਕੂੜਾ ਸੁੱਟਣ ਦੀ ਥਾਂ ਬਣਨ ਤੋਂ ਰੋਕਿਆ ਜਾਵੇ। ਐਡਵੋਕੇਟ ਸੁਖਮੰਦਰ ਸਿੰਘ ਥਾਂਦੇਵਾਲਾ ਨੇ ਦੱਸਿਆ ਕਿ ਪੁੱਡਾ ਨੇ ਛੇ ਮਹੀਨੇ ਬੀਤਣ ਦੇ ਬਾਵਜੂਦ ਵੀ ਚਾਰਦੀਵਾਰੀ ਨਹੀਂ ਕੀਤੀ ਜੋ ਕਿ ਅਦਾਲਤੀ ਹੁਕਮਾਂ ਦੀ ਉਲੰਘਣਾ ਹੈ ਜਿਸਦੇ ਖਿਲਾਫ ਉਹ ਕਾਨੂੰਨੀ ਚਾਰਾਜੋਈ ਕਰਨਗੇ। ਉਚੇਰੀ ਅਦਾਲਤ ’ਚ ਕਰਾਂਗੇ ਚਾਰਾਜੋਈ : ਖ਼ੁਸ਼ਦੀਪ ਸਿੰਘ ਇਸ ਦੌਰਾਨ ਪੁੱਡਾ ਦੇ ਉਪ ਮੰਡਲ ਅਫਸਰ ਖੁਸ਼ਦੀਪ ਸਿੰਘ ਨੇ ਦੱਸਿਆ ਕਿ ਪੁੱਡਾ ਕੋਲ ਕੋਟਕਪੂਰਾ ਰੋਡ ਉਪਰ ਸਥਿਤ 120 ਕਨਾਲ 3 ਮਰਲੇ ਜਗ੍ਹਾ ਮੌਜੂਦਾ ਹੈ, ਜਿਸ ਉਪਰ ਕਮਰਸ਼ੀਅਲ ਕੰਪਲੈਕਸ ਬਣਾਉਣ ਦੀ ਯੋਜਨਾ ਹੈ। ਇਸ ਲਈ ਜੇਕਰ ਚਾਰਦੀਵਾਰੀ ਕੀਤੀ ਤਾਂ ਇਹ ਪੈਸਾ ਵਿਅਰਥ ਜਾਵੇਗਾ। ਇਸ ਲਈ ਉਹ ਇਸ ਫੈਸਲੇ ਸਬੰਧੀ ਉਚੇਰੀ ਅਦਾਲਤ ’ਚ ਚਾਰਾਜੋਈ ਕਰਨਗੇ। ਪਰ ਇਹ ਚਾਰਾਜੋਈ ਸ਼ੁਰੂ ਕੀਤੀ ਹੈ ਜਾਂ ਨਹੀਂ ਅਤੇ ਕਮਰਸ਼ੀਅਲ ਕੰਪਲੈਕਸ ਕਦੋਂ ਬਣੇਗਾ ਇਸ ਸਬੰਧੀ ਉਨ੍ਹਾਂ ਕੁੱਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ।