ਡੀਸੀ ਦਫ਼ਤਰ ਕਰਮਚਾਰੀਆਂ ਦੀ 26 ਤੱਕ ਹੜਤਾਲ, 30-40 ਕਿਲੋਮੀਟਰ ਦੂਰੋਂ ਆਏ ਲੋਕ ਬਿਨਾਂ ਕੰਮ ਕਰਵਾਏ ਵਾਪਸ ਪਰਤੇ ਡੀਸੀ ਦਫ਼ਤਰ ਕਰਮਚਾਰੀਆਂ ਦੀ 26 ਤੱਕ ਹੜਤਾਲ, 30-40 ਕਿਲੋਮੀਟਰ ਦੂਰੋਂ ਆਏ ਲੋਕ ਬਿਨਾਂ ਕੰਮ ਕਰਵਾਏ ਵਾਪਸ ਪਰਤੇ
Publish Date: Thu, 23 Jul 2026 04:48 PM (IST)
Updated Date: Thu, 23 Jul 2026 04:49 PM (IST)
- ਹੜਤਾਲ ਨਾਲ ਰਜਿਸਟਰੀ, ਸਰਟੀਫਿਕੇਟ ਰੁਕੇ, ਰੋਜ਼ਾਨਾ ਇੱਕ ਹਜ਼ਾਰ ਲੋਕ ਆਉਂਦੇ ਹਨ ਕੰਮ ਕਰਵਾਉਣ - ਕੈਂਸਰ ਪੀੜਤ ਦੀ ਸਹਾਇਤਾ ਲਈ ਆਏ ਬਜ਼ੁਰਗ ਵੀ ਪਰਤੇ ਖ਼ਾਲੀ ਹੱਥ, ਹੜਤਾਲ ਨੇ ਵਧਾਈ ਮੁਸੀਬਤ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਖੇ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਵੀਰਵਾਰ 23 ਜੁਲਾਈ ਤੋਂ ਕਲਮਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਹੜਤਾਲ 26 ਜੁਲਾਈ ਤੱਕ ਚੱਲੇਗੀ। ਹੜਤਾਲ ਕਾਰਨ ਜ਼ਿਲ੍ਹੇ ਦੇ ਡੀਸੀ, ਐੱਸਡੀਐੱਮ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ’ਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਹੜਤਾਲ ਦਾ ਸਭ ਤੋਂ ਵੱਡਾ ਅਸਰ ਆਮ ਜਨਤਾ ’ਤੇ ਪਿਆ। ਜ਼ਮੀਨ, ਮਕਾਨ ਅਤੇ ਪਲਾਟ ਦੀ ਰਜਿਸਟਰੀ, ਇੰਤਕਾਲ, ਜਮ੍ਹਾਬੰਦੀ, ਫ਼ਰਦ, ਤਹਿਸੀਲਦਾਰ, ਐਸਡੀਐਮ ਅਤੇ ਜ਼ਿਲ੍ਹਾ ਮਾਲ ਅਫ਼ਸਰ ਦੀਆਂ ਅਦਾਲਤਾਂ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇਸਤੋਂ ਇਲਾਵਾ ਜਾਤੀ, ਰਿਹਾਇਸ਼ੀ ਅਤੇ ਆਮਦਨ ਸਰਟੀਫਿਕੇਟ, ਹਥਿਆਰ ਲਾਇਸੈਂਸ ਅਤੇ ਆਮ ਜਨਤਾ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਮੇਤ ਵਿਭਾਗੀ ਫ਼ਾਈਲਾਂ ਦਾ ਕੰਮ ਵੀ ਨਹੀਂ ਹੋ ਸਕਿਆ। - ਰੋਜ਼ਾਨਾ ਆਧਾਰ ’ਤੇ ਆਉਂਦੇ ਹਨ ਲਗਭਗ ਇੱਕ ਹਜ਼ਾਰ ਲੋਕ ਜ਼ਿਲ੍ਹਾ ਡੀਸੀ ਦਫ਼ਤਰ ’ਚ ਰੋਜ਼ਾਨਾ ਲਗਭਗ ਇੱਕ ਹਜ਼ਾਰ ਲੋਕ ਕੰਮ ਕਰਵਾਉਣ ਆਉਂਦੇ ਹਨ। ਵੀਰਵਾਰ ਸਵੇਰੇ 9 ਵਜੇ ਤੋਂ ਹੀ ਲੋਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚਣ ਲੱਗੇ, ਪਰ ਦਫ਼ਤਰਾਂ ’ਚੋਂ ਸਟਾਫ਼ ਗਾਇਬ ਦਿਖਿਆ ਅਤੇ ਕੁਰਸੀਆਂ ਖ਼ਾਲੀ ਪਈਆਂ ਸਨ। 30-40 ਕਿਲੋਮੀਟਰ ਦੂਰੋਂ ਆਏ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪਿਆ। ਕਰਮਚਾਰੀਆਂ ਅਨੁਸਾਰ ਹੜਤਾਲ ਐਤਵਾਰ ਤੱਕ ਰਹੇਗੀ। ਸੋਮਵਾਰ ਨੂੰ ਦਫ਼ਤਰ ਖੁੱਲ੍ਹਣਗੇ ਜਾਂ ਨਹੀਂ, ਇਸਦਾ ਫ਼ੈਸਲਾ ਯੂਨੀਅਨ ਦੀ ਸਟੇਟ ਮੀਟਿੰਗ ’ਚ ਹੋਵੇਗਾ। ਤਹਿਸੀਲ ਦਫ਼ਤਰ’ਚ ਰੋਜ਼ਾਨਾ ਔਸਤਨ 70 ਰਜਿਸਟਰੀਆਂ ਹੁੰਦੀਆਂ ਹਨ, ਜੋ ਹੜਤਾਲ ਕਾਰਨ ਨਹੀਂ ਹੋ ਸਕੀਆਂ। ਕੁੱਲ ਲਗਭਗ ਇੱਕ ਹਜ਼ਾਰ ਫ਼ਾਈਲਾਂ ਲਟਕ ਗਈਆਂ ਹਨ। - ਲੋਕਾਂ ਦੀਆਂ ਪਰੇਸ਼ਾਨੀਆਂ ਪਿੰਡ ਤਾਮਕੋਟ ਤੋਂ ਆਏ ਗੁਰਲਾਲ ਜਾਤੀ ਸਰਟੀਫਿਕੇਟ ਬਣਵਾਉਣ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੰਮ ਤੋਂ ਸਮਾਂ ਕੱਢ ਕੇ ਆਏ ਸਨ, ਪਰ ਹੁਣ ਖ਼ਾਲੀ ਹੱਥ ਵਾਪਸ ਜਾ ਰਹੇ ਹਨ। ਪਿੰਡ ਥਾਂਦੇਵਾਲਾ ਦੇ ਹਰਬੰਸ ਸਿੰਘ ਆਪਣੀ ਪਤਨੀ ਦੀ ਕੈਂਸਰ ਨਾਲ ਹੋਈ ਮੌਤ ਤੇ ਮਿਲਣ ਵਾਲੀ ਆਰਥਿਕ ਸਹਾਇਤਾ ਲਈ ਅਰਜ਼ੀ ਦੇਣ ਆਏ ਸਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਗੇੜੇ ਮਾਰ ਰਹੇ ਹਨ ਅਤੇ ਦਿਹਾੜੀ ਛੱਡ ਕੇ ਆਉਣਾ ਪੈਂਦਾ ਹੈ। ਅੱਜ ਵੀ ਕੰਮ ਨਹੀਂ ਹੋਇਆ ਅਤੇ ਹੁਣ ਬਿਨਾਂ ਕੰਮ ਕਰਵਾਏ ਹੀ ਵਾਪਸ ਜਾਣਾ ਪੈ ਰਿਹਾ ਹੈ। ਰਹੂੜਿਆਂਵਾਲੀ ਦੇ ਨਿਵਾਸੀ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਡੀਸੀ ਦਫ਼ਤਰ ’ਚ ਜ਼ਮੀਨ ਨਾਲ ਸਬੰਧਤ ਕੰਮ ਲਈ ਆਇਆ ਸੀ, ਪਰ ਇੱਥੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਕੰਮ ਨਹੀਂ ਹੋ ਸਕਿਆ। ਪਿੰਡ ਕਾਉਣੀ ਦੇ ਨਿਵਾਸੀ ਨਿਰਭੈ ਸਿੰਘ ਨੇ ਦੱਸਿਆ ਕਿ ਉਹ ਐਸਡੀਐਮ ਦਫ਼ਤਰ ਵਿੱਚ ਕਿਸੇ ਕੰਮ ਲਈ ਆਏ ਸਨ, ਪਰ ਉਨ੍ਹਾਂ ਦਾ ਕੰਮ ਵੀ ਨਹੀਂ ਹੋਇਆ। - ਕਰਮਚਾਰੀਆਂ ਦੀਆਂ ਮੰਗਾਂ ਯੂਨੀਅਨ ਦੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਸਬੰਧਤ ਮੰਤਰੀ ਨੇ ਮੀਟਿੰਗ ਦਾ ਸਮਾਂ ਨਹੀਂ ਦਿੱਤਾ, ਜਿਸ ਕਾਰਨ ਹੜਤਾਲ ਕਰਨੀ ਪਈ। ਉਨ੍ਹਾਂ ਦੀਆਂ ਮੁੱਖ ਮੰਗਾਂ ’ਚ ਸੀਨੀਅਰ ਸਹਾਇਕਾਂ ਦਾ ਪ੍ਰਮੋਸ਼ਨ ਕੋਟਾ 100% ਕਰਨਾ, ਸੁਪਰਡੈਂਟ ਗ੍ਰੇਡ-2 ਤੋਂ ਤਹਿਸੀਲਦਾਰ ਬਣਨ ਲਈ ਤਜਰਬਾ 4 ਸਾਲ ਤੋਂ ਘਟਾ ਕੇ 2 ਸਾਲ ਕਰਨਾ, ਪੁਰਾਣੀ ਪੈਨਸ਼ਨ ਅਤੇ ਏਸੀਪੀ ਬਹਾਲ ਕਰਨਾ, 18% ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ, ਆਰਸੀ ਸੀਟ ਤੇ 7 ਸਾਲ ਦੀ ਸ਼ਰਤ ਹਟਾਉਣਾ ਅਤੇ ਪੁਲਿਸ ਪ੍ਰਸ਼ਾਸਨ ਦੀ ਕਥਿਤ ਧੱਕੇਸ਼ਾਹੀ ਤੇ ਕਾਰਵਾਈ ਆਦਿ ਸ਼ਾਮਲ ਹਨ। ਇਸ ਦੌਰਾਨ ਕਰਮਚਾਰੀਆਂ ਨੇ ਏਡੀਸੀ ਡੈਵੀ ਗੋਇਲ ਰਾਹੀਂ ਅਡੀਸ਼ਨਲ ਚੀਫ਼ ਸੈਕਟਰੀ-ਕਮ-ਫ਼ਾਈਨਾਂਸ ਕਮਿਸ਼ਨਰ ਦੇ ਨਾਂ ਮੰਗ ਪੱਤਰ ਵੀ ਸੌਂਪਿਆ ਹੈ।