ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੋਕਾਂ ਦੀ ਸੁਣਵਾਈ ਲਈ ਜ਼ਿਲ੍ਹਾ ਪੱਧਰ ’ਤੇ “ਸ਼ਿਕਾਇਤ ਨਿਵਾਰਨ ਕੈਂਪ”

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡੀਜੀਪੀ ਦੀਆਂ ਹਦਾਇਤਾਂ ਅਨੁਸਾਰ ਅਤੇ ਲੋਕ-ਹਿਤ ਨੂੰ ਪ੍ਰਧਾਨਤਾ ਦਿੰਦਿਆਂ ਅਭਿਮੰਨਿਊ ਰਾਣਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਦੀਆਂ ਸਮੂਹ ਸਬ-ਡਿਵੀਜ਼ਨਾਂ ਵਿਖੇ ਵਿਸ਼ੇਸ਼ “ਸ਼ਿਕਾਇਤ ਨਿਵਾਰਨ ਕੈਂਪ” ਲਗਾਏ ਗਏ। ਇਹ ਸਾਰੇ ਸ਼ਿਕਾਇਤ ਨਿਵਾਰਨ ਕੈਂਪ ਸਵੇਰੇ 9 ਵਜੇ ਤੋਂ ਸ਼ਾਮ ਤੱਕ ਲਗਾਤਾਰ ਚਲਾਏ ਗਏ, ਜਿੱਥੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਤੇ ਪੁਲਿਸ ਦਫ਼ਤਰਾਂ ਨਾਲ ਸੰਬੰਧਿਤ ਲੋਕਾਂ ਦੀਆਂ ਚੱਲ ਰਹੀਆਂ ਸ਼ਿਕਾਇਤਾਂ, ਮਸਲੇ ਅਤੇ ਨਿੱਜੀ ਪਰੇਸ਼ਾਨੀਆਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ ਗਿਆ। ਸ਼ਿਕਾਇਤਕਰਤਾਵਾਂ ਨੂੰ ਕੈਂਪ ਸਥਾਨਾਂ ’ਤੇ ਸੱਦ ਕੇ ਉਨ੍ਹਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ, ਤਾਂ ਜੋ ਹਰ ਮਾਮਲੇ ਦੀ ਪੂਰੀ ਜਾਂਚ ਕਰਕੇ ਇਨਸਾਫ਼ਯੋਗ ਅਤੇ ਕਾਨੂੰਨ ਅਨੁਸਾਰ ਹੱਲ ਯਕੀਨੀ ਬਣਾਇਆ ਜਾ ਸਕੇ। ਕੈਂਪ ਦੌਰਾਨ ਵੱਡੀ ਗਿਣਤੀ ’ਚ ਆਮ ਨਾਗਰਿਕਾਂ ਵੱਲੋਂ ਆਪਣੀਆਂ ਦਰਖ਼ਾਸਤਾਂ ਪੇਸ਼ ਕੀਤੀਆਂ ਗਈਆਂ। ਕਈ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਤੁਰੰਤ ਨਿਪਟਾਰਾ ਕੀਤਾ ਗਿਆ, ਜਦਕਿ ਹੋਰ ਮਾਮਲਿਆਂ ਸਬੰਧੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਬਿਆਨ ਦਰਜ ਕਰਕੇ ਸੰਬੰਧਿਤ ਅਧਿਕਾਰੀਆਂ ਨੂੰ ਸਪਸ਼ਟ ਅਤੇ ਸਮੇਂ-ਬੱਧ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਸ਼ਿਕਾਇਤ ਨਿਵਾਰਨ ਕੈਂਪ ਦੀ ਸਮੂਹ ਕਾਰਵਾਈ ਹਰਕਮਲ ਕੌਰ, ਐਸਪੀ (ਹੈੱਡਕੁਆਰਟਰ), ਬਚਨ ਸਿੰਘ ਡੀਐਸਪੀ (ਸ੍ਰੀ ਮੁਕਤਸਰ ਸਾਹਿਬ), ਹਰਜੀਤ ਸਿੰਘ, ਡੀਐਸਪੀ (CAW & C), ਸ਼੍ਰੀ ਨਵੀਨਪਾਲ ਸਿੰਘ , ਡੀਐਸਪੀ (ਮਲੋਟ), ਅਰੁਨ ਮੁੰਡਨ, ਡੀਐਸਪੀ (ਗਿੱਦੜਬਾਹਾ) ਅਤੇ ਹਰਬੰਸ ਸਿੰਘ, ਡੀਐਸਪੀ (ਲੰਬੀ) ਦੀ ਦੇਖ-ਰੇਖ ਹੇਠ ਬਹੁਤ ਹੀ ਸੁਚਾਰੂ ਅਤੇ ਵਿਵਸਥਿਤ ਢੰਗ ਨਾਲ ਸੰਪੰਨ ਕੀਤੀ ਗਈ। ਇਸ ਮੌਕੇ ਅਭਿਮੰਨਿਊ ਰਾਣਾ ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ, ਪਾਰਦਰਸ਼ੀ ਅਤੇ ਨਿਰਪੱਖ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਆਪਣੀ ਸ਼ਿਕਾਇਤ ਲਈ ਲੰਮੇ ਸਮੇਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਤੇ ਹਰ ਯੋਗ ਮਾਮਲੇ ਦਾ ਨਿਪਟਾਰਾ ਮੌਕੇ ’ਤੇ ਜਾਂ ਨਿਰਧਾਰਿਤ ਸਮੇਂ ਅੰਦਰ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਦੇ ਨਾਲ-ਨਾਲ ਪੁਲਿਸ ਦਾ ਮੁੱਖ ਧਿਆਨ ਲੋਕਾਂ ਨਾਲ ਸਿੱਧੀ ਸਾਂਝ, ਭਰੋਸੇ ਦੀ ਮਜ਼ਬੂਤੀ ਅਤੇ ਨਿਆਂ ਤੱਕ ਆਸਾਨ ਪਹੁੰਚ ਯਕੀਨੀ ਬਣਾਉਣਾ ਹੈ। ਇਸੇ ਉਦੇਸ਼ ਤਹਿਤ ਅਜਿਹੇ ਸ਼ਿਕਾਇਤ ਨਿਵਾਰਨ ਕੈਂਪ ਆਉਣ ਵਾਲੇ ਸਮੇਂ ਵਿੱਚ ਵੀ ਨਿਯਮਤ ਤੌਰ ’ਤੇ ਲਗਾਏ ਜਾਂਦੇ ਰਹਿਣਗੇ। ਉਹਨਾਂ ਕਿਹਾ ਕਿ ਜੇਕਰ ਤੁਸੀਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਪੁਲਿਸ ਹੈਲਪਲਾਈਨ ਨੰਬਰ 8054942100 ਤੇ ਜਾਣਕਾਰੀ ਦਿਓ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।