ਮੁੱਖ ਮੰਤਰੀ ਦੇ ਟਵੀਟ ਤੇ ਚੇਤਾਵਨੀ ਪੱਤਰ ਤੋਂ ਭੜਕੇ ਮੁਲਾਜ਼ਮ ਮੁੱਖ ਮੰਤਰੀ ਦੇ ਟਵੀਟ ਤੇ ਚੇਤਾਵਨੀ ਪੱਤਰ ਤੋਂ ਭੜਕੇ ਮੁਲਾਜ਼ਮ
Publish Date: Fri, 28 Aug 2026 04:12 PM (IST)
Updated Date: Fri, 28 Aug 2026 04:16 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮਿਨੀਸਟੀਰੀਅਲ ਕਾਮਿਆਂ ਵੱਲੋਂ 21 ਅਗਸਤ ਤੋਂ ਜਾਰੀ ਕਲਮਛੋੜ ਹੜਤਾਲ ਤੋਂ ਬਾਅਦ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਕੀਤੀ ਗਈ ‘ਮਹਾਂ ਹੜਤਾਲ’ ਤੋਂ ਉਪਰੰਤ, ਮੁੱਖ ਮੰਤਰੀ ਵੱਲੋਂ ਹੜਤਾਲੀਆਂ ਨਾਲ ਗੱਲਬਾਤ ਨਾ ਕਰਨ ਸਬੰਧੀ ਕੀਤੇ ਟਵੀਟ ਅਤੇ ਡਿਊਟੀ ’ਤੇ ਹਾਜ਼ਰੀ ਸਬੰਧੀ ਜਾਰੀ ਕੀਤੀ ਚਿੱਠੀ ਤੋਂ ਬਾਅਦ ਮੁਲਾਜ਼ਮਾਂ ਦਾ ਰੋਸ ਹੋਰ ਭੜਕ ਗਿਆ ਹੈ। ਭਾਵੇਂ ਅੱਜ ਮੁਲਾਜ਼ਮਾਂ ਨੇ ਦਫ਼ਤਰੀ ਕੰਮਕਾਜ ਸ਼ੁਰੂ ਕਰ ਦਿੱਤਾ ਹੈ, ਪਰ ਇਸਦੇ ਨਾਲ ਹੀ ਸਰਕਾਰ ਖ਼ਿਲਾਫ਼ ਤਿੱਖੇ ਰੋਸ ਮੁਜ਼ਾਹਰੇ ਵੀ ਜਾਰੀ ਹਨ। ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੁਸ਼ਪਿੰਦਰ ਸਿੰਘ, ਖੁਸ਼ ਕਰਨਜੀਤ ਸਿੰਘ, ਪਰਮਜੀਤ ਸਿੰਘ ਅਤੇ ਹੋਰ ਆਗੂਆਂ ਨੇ ਆਖਿਆ ਕਿ ਹਾਈ ਕੋਰਟ ਦੇ ਸਪੱਸ਼ਟ ਹੁਕਮਾਂ ਦੇ ਬਾਵਜੂਦ ਜਦੋਂ ਪੰਜਾਬ ਸਰਕਾਰ ਨੇ ਡੀਏ ਦੀ ਕਿਸ਼ਤ ਜਾਰੀ ਨਹੀਂ ਕੀਤੀ ਅਤੇ ਵਾਰ-ਵਾਰ ਸਮਾਂ ਮੰਗਣ ’ਤੇ ਵੀ ਗੱਲਬਾਤ ਤੋਂ ਭੱਜਦੀ ਰਹੀ, ਤਾਂ ਮੁਲਾਜ਼ਮਾਂ ਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਿਆ। ਆਗੂਆਂ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਦੀ ‘ਮਹਾਂ ਹੜਤਾਲ’ 100 ਫ਼ੀਸਦੀ ਸਫ਼ਲ ਰਹੀ ਹੈ, ਜਿਸਤੋਂ ਘਬਰਾ ਕੇ ਸਰਕਾਰ ਧੱਕੇਸ਼ਾਹੀ ’ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਟਵੀਟ ਕਰਕੇ ਇੱਕ ਪਾਸੇ ਤਾਂ ਮੁਲਾਜ਼ਮਾਂ ਨੂੰ ਪਰਿਵਾਰ ਦਾ ਹਿੱਸਾ ਦੱਸ ਰਹੇ ਹਨ ਅਤੇ ਦੂਜੇ ਪਾਸੇ ਨੌਕਰੀਓਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਦੇ ਇਸ ਦੋਹਰੇ ਮਾਪਦੰਡ ਕਾਰਨ ਮੁਲਾਜ਼ਮ ਵਰਗ ’ਚ ਭਾਰੀ ਰੋਸ ਹੈ। ਅੱਜ ਦੀ ਮੀਟਿੰਗ ’ਤੇ ਟੇਕ ਮੁਲਾਜ਼ਮ ਆਗੂਆਂ ਨੇ ਸਪੱਸ਼ਟ ਕੀਤਾ ਕਿ ਹੁਣ 29 ਅਗਸਤ ਨੂੰ ਮੁੱਖ ਮੰਤਰੀ ਨਾਲ ਜਥੇਬੰਦੀ ਦੀ ਹੋਣ ਵਾਲੀ ਮੀਟਿੰਗ ਦੇ ਸਿੱਟਿਆਂ ਤੋਂ ਬਾਅਦ ਹੀ ਅਗਲੇ ਤਿੱਖੇ ਸੰਘਰਸ਼ ਦਾ ਉਲੇਖ ਕੀਤਾ ਜਾਵੇਗਾ। ਧਰਨੇ ਦੇ ਅਖ਼ੀਰ ’ਚ ਗੁੱਸੇ ਵਿੱਚ ਆਏ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਟਵੀਟ ਅਤੇ ਸਰਕਾਰੀ ਪੱਤਰ ਦੀਆਂ ਕਾਪੀਆਂ ਸ਼ਰੇਆਮ ਫੂਕ ਕੇ ਆਪਣਾ ਆਕਰੋਸ਼ ਜਾਹਰ ਕੀਤਾ। ਨਹੀਂ ਡਰਦੇ ਘੁਰਕੀ ਤੋਂ, ਖਿੱਚ ਲਵਾਂਗੇ ਕੁਰਸੀ ਤੋਂ ਰੋਸ ਪ੍ਰਦਰਸ਼ਨ ਦੌਰਾਨ ਜਿੱਥੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਸਰਕਾਰੀ ਧਮਕੀਆਂ ਦਾ ਜਵਾਬ ਦਿੰਦਿਆਂ ਇੱਕ ਨਵਾਂ ਚੁਣੌਤੀਪੂਰਨ ਨਾਅਰਾ ਗੂੰਜਿਆ-‘ਨਹੀਂ ਡਰਦੇ ਘੁਰਕੀ ਤੋਂ, ਖਿੱਚ ਲਵਾਂਗੇ ਕੁਰਸੀ ਤੋਂ’। ਮੁਲਾਜ਼ਮਾਂ ਨੇ ਸਾਫ਼ ਸ਼ਬਦਾਂ ’ਚ ਸੁਨੇਹਾ ਦਿੱਤਾ ਕਿ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਕਿਸੇ ਵੀ ਧਮਕੀ ਜਾਂ ਡਰਾਵੇ ਤੋਂ ਡਰਨ ਵਾਲੇ ਨਹੀਂ ਹਨ।