ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Publish Date: Tue, 08 Sep 2026 06:52 PM (IST)
Updated Date: Tue, 08 Sep 2026 06:55 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਾਂਝਾ ਮੁਲਾਜ਼ਮ ਪੈਨਸ਼ਨਰ ਮੰਚ ਅਤੇ ਪੀਐਸਈਬੀ ਇਮਪਲਾਈਜ਼ ਜੋਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਸਬ ਡਵੀਜਨ ਦੋਦਾ ਦੇ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਸਾਥੀ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਅਤੇ ਮੁਲਾਜ਼ਮਾਂ ਪ੍ਰਤੀ ਈਰਖਾ ਦੇ ਵਿਰੋਧ ਵਿੱਚ ਡੀਸੀ ਦਫਤਰਾਂ ਅੱਗੇ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਅੜੀਅਲ ਨੀਤੀ ਅਤੇ ਆਮ ਲੋਕਾਂ ਵਿੱਚ ਝੂਠੇ ਗੁੰਮਰਾਹਕੁਣ ਪ੍ਰਚਾਰ ਅਤੇ ਰੋਸ਼ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੂੰ ਗੈਰ ਹਾਜ਼ਰ ਕਰਨ ਦੀ ਨੀਤੀ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ। ਆਪਣੀਆਂ ਹੱਕੀ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਡੀਏ ਦੀਆਂ ਕਿਸ਼ਤਾਂ ਦੇਣਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਕਾਮੇ ਪੱਕੇ ਕਰਨਾ, 17-7-2020 ਵਾਲਾ ਪੱਤਰ ਰੱਦ ਕਰਨਾ, ਨਵੀਂ ਪੱਕੀ ਭਰਤੀ ਚਾਲੂ ਕਰਨਾ, ਪ੍ਰੋਵੇਸ਼ਨ ਪੀਰੀਅਡ ਖਤਮ ਕਰਨ ਆਦਿ ਮੰਗਾਂ ਨੂੰ ਸਰਕਾਰ ਤੁਰੰਤ ਮੰਨਦੇ ਹੋਏ ਲਾਗੂ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਨਹੀਂ ਮੰਨਦੀ ਤਾਂ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਬ ਡਿਵੀਜ਼ਨ ਦੋਦਾ ਦੇ ਪ੍ਰਧਾਨ ਧਰਮਿੰਦਰ ਸਿੰਘ ਗੂੜੀ ਸੰਗਰ, ਡਿਵੀਜ਼ਨ ਪ੍ਰਧਾਨ ਦਲਜੀਤ ਸਿੰਘ ਹਰੀਕੇ ਕਲਾਂ, ਰੁਪਿੰਦਰ ਸਿੰਘ ਜੇਈ, ਚਰਨਜੀਤ ਸਿੰਘ ਜੇਈ, ਭੁਪਿੰਦਰ ਸਿੰਘ ਜੇਈ, ਕਰਮਜੀਤ ਸਿੰਘ ਜੇਈ, ਜਸਵਿੰਦਰ ਸਿੰਘ, ਮਨਜਿੰਦਰ ਸਿੰਘ ਅਤੇ ਵੀਰੂ ਖੋਖਰ ਆਦਿ ਵੀ ਮੌਜੂਦ ਸਨ।