ਭਾਕਿਯੂ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਭਾਕਿਯੂ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਸੰਪੰਨ
Publish Date: Tue, 24 Nov 2026 04:54 PM (IST)
Updated Date: Wed, 25 Nov 2026 04:04 AM (IST)
-ਹਰਬੰਸ ਸਿੰਘ ਕੋਟਲੀ ਅਬਲੂ ਪਹਿਲੀ ਵਾਰ ਬਣੇ ਜ਼ਿਲ੍ਹਾ ਪ੍ਰਧਾਨ, 29 ਨਵੰਬਰ ਤੋਂ ਖੇਤੀਬਾੜੀ ਮੰਤਰੀ ਖੁੱਡੀਆਂ ਦੇ ਘਰ ਅੱਗੇ ਪੱਕੇ ਮੋਰਚੇ ’ਚ ਸ਼ਾਮਲ ਹੋਣ ਦਾ ਦਿੱਤਾ ਸੱਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਾਣਾ ਮੰਡੀ ਵਾਟਰ ਵਰਕਸ ਮਲੋਟ ਵਿਖੇ ਚੁਣ ਕੇ ਆਏ 22 ਡੈਲੀਗੇਟਾਂ ਦਾ ਚੋਣ ਇਜਲਾਸ ਹੋਇਆ। ਇਹ ਇਜਲਾਸ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਨੇਪਰੇ ਚੜ੍ਹਿਆ। ਇਸ ਦੌਰਾਨ ਪੁਰਾਣੀ ਜ਼ਿਲ੍ਹਾ ਕਮੇਟੀ ਭੰਗ ਕੀਤੀ ਗਈ ਅਤੇ ਜ਼ਿਲ੍ਹਾ ਆਗੂ ਗੁਰਭਗਤ ਸਿੰਘ ਭਲਾਈਆਣਾ ਵੱਲੋਂ ਲੰਮੇ ਘੋਲਾਂ ਦੀ 30 ਸਫਿਆਂ ਦੀ ਕਾਰਗੁਜ਼ਾਰੀ ਤੇ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ’ਚ ਹਰਬੰਸ ਸਿੰਘ ਕੋਟਲੀ ਅਬਲੂ ਨੂੰ ਪਹਿਲੀ ਵਾਰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਬਾਕੀ ਅਹੁਦੇਦਾਰਾਂ ’ਚ ਗੁਰਪਾਸ ਸਿੰਘ ਸਿੰਘੇਵਾਲਾ ਸੀਨੀਅਰ ਮੀਤ ਪ੍ਰਧਾਨ, ਗੁਰਭਗਤ ਸਿੰਘ ਭਲਾਈਆਣਾ ਜ਼ਿਲ੍ਹਾ ਜਨਰਲ ਸਕੱਤਰ, ਅਜੈਬ ਸਿੰਘ ਮੱਲਣ ਤੇ ਹਰਫੂਲ ਸਿੰਘ ਭਾਗਸਰ ਮੀਤ ਪ੍ਰਧਾਨ, ਡਾ. ਹਰਪਾਲ ਸਿੰਘ ਕਿੱਲਿਆਂਵਾਲੀ ਸੰਗਠਨ ਸਕੱਤਰ, ਨਿਸ਼ਾਨ ਸਿੰਘ ਕੱਖਾਂਵਾਲੀ ਪ੍ਰਚਾਰ ਸਕੱਤਰ, ਮਾਸਟਰ ਕੁਲਵੀਰ ਸਿੰਘ ਭਾਗਸਰ ਵਿੱਤ ਸਕੱਤਰ ਅਤੇ ਮਾਸਟਰ ਗੁਰਾਦਿੱਤਾ ਸਿੰਘ ਭਾਗਸਰ ਤੇ ਜਸਵਿੰਦਰ ਸਿੰਘ ਚੱਕ ਮਦਰੱਸਾ ਕਮੇਟੀ ਮੈਂਬਰ ਚੁਣੇ ਗਏ। ਨਵੀਂ ਚੁਣੀ ਗਈ ਕਮੇਟੀ ਨੇ ਲੁੱਟ-ਖਸੁੱਟ, ਜ਼ਬਰ-ਜ਼ੁਲਮ, ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਵਿਰੁੱਧ ਡਟਣ ਸਮੇਤ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਲੋਕ ਪੁੱਗਤ ਸਥਾਪਤ ਕਰਨ ਦਾ ਅਹਿਦ ਲਿਆ। ਇਜਲਾਸ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਨਵ-ਨਿਯੁਕਤ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ, ਗੁਰਭਗਤ ਸਿੰਘ ਭਲਾਈਆਣਾ ਅਤੇ ਗੁਰਪਾਸ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਵੋਟਾਂ ਬਟੋਰਨ ਵਾਲੀਆਂ ਸਿਆਸੀ ਪਾਰਟੀਆਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ, ਸਗੋਂ ਵਿਸ਼ਾਲ ਜਥੇਬੰਦਕ ਤਾਕਤ ਅਤੇ ਸਿਰੜੀ ਘੋਲਾਂ ਰਾਹੀਂ ਹੀ ਹੱਕ ਲਏ ਜਾ ਸਕਦੇ ਹਨ। ਆਗੂਆਂ ਨੇ ਕਿਸਾਨਾਂ-ਮਜ਼ਦੂਰਾਂ ਸਿਰ ਪਾਏ ਪੁਲਿਸ ਤੇ ਅਦਾਲਤੀ ਕੇਸ ਰੱਦ ਕਰਾਉਣ ਸਮੇਤ ਹੋਰ ਭਖਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਮਿਲ ਕੇ 29 ਨਵੰਬਰ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਦਿਨ-ਰਾਤ ਦਾ ਪੱਕਾ ਮੋਰਚਾ ਲਾਉਣ ਲਈ ਹੁਣੇ ਤੋਂ ਲਾਮਬੰਦੀ ਤੇਜ਼ ਕਰਨ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਲੋਕ ਮੋਰਚਾ ਦੇ ਗੀਤਕਾਰ ਹਰਦੀਪ ਸਿੰਘ ਮਲੋਟ ਨੇ ਸਾਮਰਾਜੀ ਜ਼ਬਰ ਵਿਰੁੱਧ ਇਨਕਲਾਬੀ ਗੀਤ ਪੇਸ਼ ਕੀਤੇ। ਅੰਤ ’ਚ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ ਨੇ ਸਮੂਹ ਡੈਲੀਗੇਟਾਂ, ਬਲਾਕਾਂ ਤੇ ਇਕਾਈਆਂ ਦੇ ਪ੍ਰਧਾਨਾਂ-ਸਕੱਤਰਾਂ, ਸਰਗਰਮ ਵਰਕਰਾਂ ਅਤੇ ਵੱਡੀ ਗਿਣਤੀ ’ਚ ਪੁੱਜੇ ਕਿਸਾਨਾਂ-ਮਜ਼ਦੂਰਾਂ ਦਾ ਧੰਨਵਾਦ ਕੀਤਾ।