ਧੂੰ-ਧੂੰ ਕਰ ਕੇ ਸੜੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸ੍ਰੀ ਮੁਕਤਸਰ ਸਾਹਿਬ ’ਚ ਧੂਮਧਾਮ ਨਾਲ ਮਨਾਇਆ ਦੁਸਹਿਰਾ
Publish Date: Tue, 20 Oct 2026 07:01 PM (IST)
Updated Date: Tue, 20 Oct 2026 07:03 PM (IST)
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਅਤੇ ਹਰਸ਼ੋ-ਉੱਲਾਸ ਨਾਲ ਮਨਾਇਆ ਗਿਆ। ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਅਗਨੀ ਭੇਟ ਕੀਤੇ ਗਏ। ਸ੍ਰੀ ਰਾਮ ਸੇਵਾ ਸੁਮਿਤੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਦੇ ਸਟੇਡੀਅਮ ’ਚ ਦੁਸਹਿਰਾ ਉਤਸਵ ਦਾ ਭਾਰੀ ਆਯੋਜਨ ਕੀਤਾ ਗਿਆ। ਇਸ ਸਮਾਗਮ ’ਚ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਧਾਰਮਿਕ ਝਾਕੀਆਂ ਵੀ ਦਰਸ਼ਕਾਂ ਲਈ ਖਿੱਚ ਦਾ ਮੁੱਖ ਕੇਂਦਰ ਰਹੀਆਂ। ਸਮਿਤੀ ਦੇ ਪ੍ਰਧਾਨ ਰਮਨ ਗਿਰਧਰ, ਹੈਪੀ ਸ਼ਰਮਾ, ਸੰਜੀਵ ਖੇੜਾ ਤੇ ਹੋਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਤਲਿਆਂ ਦੀ ਤਿਆਰੀ ਪਿਛਲੇ ਕਈ ਦਿਨਾਂ ਤੋਂ ਕੋਟਕਪੂਰਾ ਰੋਡ ਸਥਿਤ ਪੀਪਲ ਪੰਪ ਨੇੜੇ ਚੱਲ ਰਹੀ ਸੀ। ਇਸ ਤਹਿਤ 65 ਫੁੱਟ ਉੱਚਾ ਰਾਵਣ ਅਤੇ 60-60 ਫੁੱਟ ਉੱਚੇ ਕੁੰਭਕਰਨ ਤੇ ਮੇਘਨਾਦ ਦੇ ਤਿਆਰ ਕੀਤੇ ਗਏ ਪੁਤਲਿਆਂ ਨੂੰ ਦੁਸਹਿਰਾ ਸਮਾਗਮ ਵਾਲੀ ਥਾਂ ’ਤੇ ਲਿਆਂਦਾ ਗਿਆ। ਦੇਰ ਸ਼ਾਮ ਨੂੰ ਮੁੱਖ ਮਹਿਮਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਪ੍ਰਬੰਧਕਾਂ ਵੱਲੋਂ ਬੁਰਾਈ ਉੱਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਵਜੋਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਇਸ ਦੌਰਾਨ ਵਿਸ਼ਾਲ ਪੁਤਲੇ ਧੂੰ-ਧੂੰ ਕਰ ਕੇ ਸੜ ਉੱਠੇ, ਜਿਸਨੂੰ ਦੇਖਣ ਲਈ ਮੈਦਾਨ ’ਚ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਯੋਗਿਤਾ ਗੁੰਬਰ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਕਾਲਾ, ਭਾਜਪਾ ਆਗੂ ਗੁਰਚਰਨ ਸਿੰਘ ਸੰਧੂ, ਭਾਜਪਾ ਆਗੂ ਰਾਜ ਕੁਮਾਰ ਮੇਲੂ ਭਟੇਜਾ, ਮਿੰਕਲ ਬਜਾਜ, ਡਾਕਟਰ ਨਰੇਸ਼ ਪਰੂਥੀ, ਸ੍ਰੀ ਰਾਮ ਸੇਵਾ ਸੁਮਿਤੀ ਦੇ ਪ੍ਰਧਾਨ ਰਮਨ ਗਿਰਧਰ, ਹੈਪੀ ਸ਼ਰਮਾ, ਸੰਜੀਵ ਖੇੜਾ, ਸੰਜੀਵ ਗਾਵੜੀ, ਐਡਵੋਕੇਟ ਸੰਜੀਵ ਗੁਪਤਾ, ਸੁਰਿੰਦਰ ਧਵਨ, ਸ਼ੁਭਮ ਖੇੜਾ, ਅਸ਼ਵਨੀ ਆਰੀਆ, ਤੇਜਿੰਦਰ ਸਿੰਘ ਬੱਬੂ ਬਾਂਸਲ, ਰਾਕੇਸ਼ ਵਾਟਸ, ਨੀਟੂ ਦੂਮੜਾ, ਰਾਜੇਸ਼ ਬਾਂਸਲ ਡੀਕੇ ਜਵੈਲਰਜ਼, ਰਾਜੀਵ ਆਹੂਜਾ, ਮਨੋਹਰ ਸਿੰਘ, ਰਾਜ ਖੁਰਾਨਾ, ਕੁਲਦੀਪ ਗੁੰਬਰ, ਅਸ਼ੋਕ ਬੱਤਰਾ, ਸਮੇਤ ਵੱਡੀ ਗਿਣਤੀ ’ਚ ਦਰਸ਼ਕ ਮੌਜੂਦ ਸਨ।