ਮਾਨਸੂਨ ’ਚ ਲਟਕਦੀਆਂ ਤਾਰਾਂ ਤੇ ਖੁੱਲ੍ਹੇ ਮੀਟਰ ਬਾਕਸ ਬਣ ਸਕਦੇ ਹਨ ਮੌਤ ਦਾ ਜਾਲ, ਪਾਵਰਕਾਮ ਬੇਪਰਵਾਹ ਮਾਨਸੂਨ ’ਚ ਲਟਕਦੀਆਂ ਤਾਰਾਂ ਤੇ ਖੁੱਲ੍ਹੇ ਮੀਟਰ ਬਾਕਸ ਬਣ ਸਕਦੇ ਹਨ ਮੌਤ ਦਾ ਜਾਲ, ਪਾਵਰਕਾਮ ਬੇਪਰਵਾਹ
Publish Date: Tue, 28 Jul 2026 06:37 PM (IST)
Updated Date: Tue, 28 Jul 2026 06:40 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮਾਨਸੂਨ ਦਸਤਕ ਦੇ ਚੁੱਕਾ ਹੈ ਤੇ ਇਸਦੇ ਨਾਲ ਸ਼ਹਿਰ ’ਚ ਬਿਜਲੀ ਤੋਂ ਹਾਦਸੇ ਦਾ ਖ਼ਤਰਾ ਕਈ ਗੁਣਾ ਵਧ ਗਿਆ ਹੈ। ਮੁਕਤਸਰ ’ਚ ਪਾਵਰਕਾਮ ਦੀ ਲਾਪਰਵਾਹੀ ਕਾਰਨ ਥਾਂ-ਥਾਂ ਲਟਕਦੀਆਂ ਹਾਈ ਵੋਲਟੇਜ ਤਾਰਾਂ ਅਤੇ ਟੁੱਟੇ-ਖੁੱਲ੍ਹੇ ਮੀਟਰ ਬਾਕਸ ਬਾਰਿਸ਼ ਦੇ ਪਾਣੀ ’ਚ ਮੌਤ ਦਾ ਜਾਲ ਬਣਦੇ ਜਾ ਰਹੇ ਹਨ। ਸ਼ਹਿਰ ਦੇ ਬਠਿੰਡਾ ਰੋਡ, ਕੋਟਕਪੂਰਾ ਚੌਂਕ, ਗਾਂਧੀ ਚੌਂਕ, ਰੇਲਵੇ ਰੋਡ, ਅਬੋਹਰ ਰੋਡ, ਗੋਨਿਆਣਾ ਰੋਡ, ਰਾਮ ਬਾੜਾ ਬਾਜ਼ਾਰ, ਸ਼ੇਰ ਸਿੰਘ ਚੌਂਕ, ਮਲੋਟ ਰੋਡ ਬੱਸ ਸਟੈਂਡ ਅਤੇ ਘਾਹ ਮੰਡੀ ਚੌਂਕ ’ਚ ਬਿਜਲੀ ਦੇ ਖੰਭਿਆਂ ਤੇ ਤਾਰਾਂ ਦੇ ਵੱਡੇ ਗੁੱਛੇ ਝੂਲ ਰਹੇ ਹਨ। ਬਾਰਿਸ਼ ਨਾਲ ਗਿੱਲੀਆਂ ਸੜਕਾਂ ਅਤੇ ਮੱਕੜਜਾਲ ਵਿਚਕਾਰ ਇਹ ਢਿੱਲੀਆਂ ਤਾਰਾਂ ਕਿਸੇ ਨੂੰ ਵੀ ਆਪਣੀ ਲਪੇਟ ’ਚ ਲੈ ਸਕਦੀਆਂ ਹਨ। ਕਈ ਤਾਰਾਂ ਇੰਨੀਆਂ ਨੀਵੀਆਂ ਲਟਕ ਰਹੀਆਂ ਹਨ ਕਿ ਲੰਘਦੇ ਵਾਹਨ, ਰਾਹਗੀਰ ਅਤੇ ਅਵਾਰਾ ਪਸ਼ੂ ਆਸਾਨੀ ਨਾਲ ਉਨ੍ਹਾਂ ਨੂੰ ਛੂਹ ਲੈਂਦੇ ਹਨ। ਸਥਾਨਕ ਲੋਕਾਂ ਅਸ਼ੋਕ ਮਹਿੰਦਰਾ, ਰਾਜਨ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਅਬੋਹਰ ਰੋਡ ਅਤੇ ਗੋਨਿਆਣਾ ਰੋਡ ਦੀਆਂ ਗਲੀਆਂ ’ਚ ਤਾਰਾਂ ਦਾ ਇੰਨਾ ਮਕੜਜਾਲ ਹੈ ਕਿ ਪਤਾ ਹੀ ਨਹੀਂ ਚੱਲਦਾ ਕਿ ਕਿਹੜੀ ਬਿਜਲੀ ਦੀ ਤਾਰ ਹੈ ਅਤੇ ਕਿਹੜੀ ਇੰਟਰਨੈੱਟ ਦੀ। ਰਾਮ ਬਾੜਾ ਬਾਜ਼ਾਰ ਗੇਟ ਅਤੇ ਗਾਂਧੀ ਚੌਂਕ ਤੇ ਵੀ ਇਹੋ ਸਥਿਤੀ ਹੈ। ਓਵਰਲੋਡ ਵਾਹਨਾਂ ਕਾਰਨ ਕਈ ਵਾਰ ਤਾਰਾਂ ਟੁੱਟ ਵੀ ਚੁੱਕੀਆਂ ਹਨ। ਮੀਟਰ ਬਾਕਸਾਂ ਦੀ ਹਾਲਤ ਹੋਰ ਵੀ ਖ਼ਤਰਨਾਕ ਹੈ। ਮੁਹੱਲਿਆਂ ’ਚ ਲੱਗੇ ਕਈ ਮੀਟਰ ਬਾਕਸ ਬਹੁਤ ਸਾਰੀਆਂ ਥਾਵਾਂ ’ਤੇ ਟੁੱਟੇ ਹੋਏ ਹਨ ਜਾਂ ਉਨ੍ਹਾਂ ਦੇ ਦਰਵਾਜ਼ੇ ਗਾਇਬ ਹਨ। ਕੁਝ ਬਾਕਸ ਇੰਨੇ ਨੀਵੇਂ ਲੱਗੇ ਹੋਏ ਹਨ ਕਿ ਬੱਚੇ ਉਨ੍ਹਾਂ ਨੂੰ ਛੂਹ ਸਕਦੇ ਹਨ। ਗੋਨਿਆਣਾ ਰੋਡ ’ਤੇ ਮੀਟਰ ਦੇ ਕੋਲ ਤਾਰਾਂ ਦੇ ਹੇਠਾਂ ਲੋਕ ਕੂੜਾ ਇਕੱਠਾ ਕਰਕੇ ਅੱਗ ਲਗਾ ਦਿੰਦੇ ਹਨ। ਬਾਰਿਸ਼ ’ਚ ਨਮੀ ਕਾਰਨ ਸ਼ਾਰਟ ਸਰਕਟ ਅਤੇ ਅੱਗ ਲੱਗਣ ਦਾ ਖ਼ਦਸ਼ਾ ਦੁੱਗਣਾ ਵਧ ਗਿਆ ਹੈ। ਇਸੇ ਸਾਲ ਮਾਰਚ ’ਚ ਪਿੰਡ ਸਦਰਵਾਲਾ ’ਚ ਅੱਠ ਸਾਲ ਦੀ ਬੱਚੀ ਦੀ ਢਿੱਲੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਚੁੱਕੀ ਹੈ। ਹਾਲ ਹੀ ’ਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ’ਚ ਇੱਕ ਪੀਐੱਚਡੀ ਸਕਾਲਰ ਦੀ ਕਰੰਟ ਲੱਗਣ ਨਾਲ ਹੋਈ ਮੌਤ ਨੇ ਵੀ ਇਸ ਲਾਪਰਵਾਹੀ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ, ਕਿਉਂਕਿ ਪੂਰੇ ਪੰਜਾਬ ’ਚ ਢਿੱਲੀਆਂ ਤਾਰਾਂ ਲੋਕਾਂ ਲਈ ਖ਼ਤਰਾ ਬਣੀਆਂ ਹੋਈਆਂ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਵੀ ਪਾਵਰਕਾਮ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ ਹੈ। ਮਾਨਸੂਨ ’ਚ ਨਮੀ ਅਤੇ ਜਲ-ਭਰਾਅ ਕਾਰਨ ਖੁੱਲ੍ਹੇ ਜੋੜਾਂ ਅਤੇ ਢਿੱਲੀਆਂ ਤਾਰਾਂ ਤੋਂ ਕਰੰਟ ਫੈਲਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਇੱਕ ਛੋਟੀ ਜਿਹੀ ਭੁੱਲ ਪੂਰੇ ਮੁਹੱਲੇ ਲਈ ਭਾਰੀ ਪੈ ਸਕਦੀ ਹੈ। ਐੱਸਈ ਬਾਬੂ ਲਾਲ ਦਾ ਕਹਿਣਾ ਹੈ ਕਿ ਜਿੱਥੇ ਤਾਰਾਂ ਢਿੱਲੀਆਂ ਹਨ ਉਨ੍ਹਾਂ ਨੂੰ ਕੱਸਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ।