- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਪਨਪ ਸਕਦਾ ਨਸ਼ਾ ਮਾਫ਼ੀਆ : ਓਪੀ ਧਨਖੜ

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਭਾਜਪਾ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਵਿੱਢੀ ਗਈ ਸੂਬਾ ਵਿਆਪੀ ਜਨ-ਜਾਗਰੂਕਤਾ ਮੁਹਿੰਮ ਤਹਿਤ ਧਰਤ-ਪਵਿੱਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤੇ ਵੱਡਾ ਸਮਾਗਮ ਉਲੀਕਿਆ ਗਿਆ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਵਿਸ਼ਾਲ ਜਨ-ਜਾਗਰੂਕਤਾ ਰੈਲੀ ਅਤੇ ਮਾਰਚ ਕੱਢਿਆ ਗਿਆ, ਜਿਸ ’ਚ ਨੌਜਵਾਨਾਂ, ਵਿਦਿਆਰਥੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਅਤੇ ਇਸ ਅਲਾਮਤ ਖ਼ਿਲਾਫ਼ ਇੱਕਜੁੱਟ ਹੋਣ ਦਾ ਹੋਕਾ ਦਿੱਤਾ ਗਿਆ। ਮੁਕਤਸਰ ਦੇ ਇੱਕ ਨਿੱਜੀ ਪੈਲੇਸ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਭਾਜਪਾ ਦੇ ਰਾਸ਼ਟਰੀ ਆਗੂ ਓਪੀ ਧਨਖੜ, ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸੀਨੀਅਰ ਆਗੂ ਐੱਚਐੱਸ ਫੂਲਕਾ, ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਅਤੇ ਗੁਰਮੀਤ ਸਿੰਘ ਰਾਣਾ ਸੋਢੀ ਸਮੇਤ ਕਈ ਵੱਡੇ ਚਿਹਰੇ ਪਹੁੰਚੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਨੋਰਥ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢ ਕੇ ਮੁੜ ਲੀਹਾਂ 'ਤੇ ਲਿਆਉਣਾ ਹੈ। ਪੰਜਾਬ ਸਰਕਾਰ ਦੀਆਂ ਨਸ਼ਾ-ਰੋਕੂ ਨੀਤੀਆਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂਆਂ-ਪੀਰਾਂ ਦੀ ਇਸ ਧਰਤੀ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਲਈ ਠੋਸ ਨੀਤੀਆਂ ਦੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਭਵਿੱਖ ਵਿੱਚ ਸੂਬੇ ਅੰਦਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਫਿੱਟ ਅਤੇ ਯੋਗ 12ਵੀਂ ਪਾਸ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਦੇ ਵਿਸ਼ੇਸ਼ ਮੌਕੇ ਦਿੱਤੇ ਜਾਣਗੇ। ਖੇਡਾਂ ਦੇ ਮਿਆਰ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਐਸਟ੍ਰੋਟਰਫ਼ ਵਿਛਾਉਣ ਨਾਲ ਖਿਡਾਰੀ ਪੈਦਾ ਨਹੀਂ ਹੁੰਦੇ, ਸਗੋਂ ਚੰਗੇ ਕੋਚਾਂ ਦੀ ਤਾਇਨਾਤੀ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਰਾਘਵ ਚੱਢਾ ਮਾਮਲੇ 'ਤੇ ਵੀ ਆਮ ਆਦਮੀ ਪਾਰਟੀ ਨੂੰ ਘੇਰਿਆ।
ਭਾਜਪਾ ਦੇ ਸੀਨੀਅਰ ਆਗੂ ਓਪੀ ਧਨਖੜ ਨੇ ਸੂਬੇ ਵਿੱਚ ਨਸ਼ਾ ਤਸਕਰੀ ਅਤੇ ਵਿਗੜ ਰਹੀ ਕਾਨੂੰਨ-ਵਿਵਸਥਾ 'ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹਰ ਸਾਲ ਟਨਾਂ ਦੇ ਹਿਸਾਬ ਨਾਲ ਨਸ਼ਾ ਫੜਿਆ ਜਾਣਾ ਸਿੱਧ ਕਰਦਾ ਹੈ ਕਿ ਤਸਕਰਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਖੇਤਾਂ 'ਚੋਂ ਮੋਟਰਾਂ-ਟਰਾਂਸਫ਼ਾਰਮਰਾਂ ਦੀ ਚੋਰੀ ਅਤੇ ਪੁਲਿਸ 'ਤੇ ਹੋ ਰਹੇ ਹਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਹਰਿਆਣਾ ਦੀ ਤਰਜ਼ 'ਤੇ ਐੱਮ.ਐੱਸ.ਪੀ. ਅਤੇ ਠੋਸ ਖੇਤੀ ਨੀਤੀਆਂ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਜਗਮੀਤ ਸਿੰਘ ਬਰਾੜ, ਐੱਚਐੱਸ ਫੂਲਕਾ ਅਤੇ ਰਾਣਾ ਸੋਢੀ ਨੇ ਵੀ ਵਿਚਾਰ ਰੱਖਦਿਆਂ ਆਖਿਆ ਕਿ ਨਸ਼ਿਆਂ ਖ਼ਿਲਾਫ਼ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।