ਨਸ਼ਾ ਛਡਾਓ ਮੁਲਾਜ਼ਮ ਯੂਨੀਅਨ ਵੱਲੋਂ 5 ਨੂੰ ਹੜਤਾਲ ਦਾ ਐਲਾਨ
ਨਸ਼ਾ ਛਡਾਓ ਮੁਲਾਜ਼ਮ ਯੂਨੀਅਨ ਵੱਲੋਂ 5 ਮਾਰਚ ਨੂੰ ਸਰਕਾਰ ਵਿਰੁੱਧ ਹੜ੍ਹਤਾਲ ਦਾ ਐਲਾਨ
Publish Date: Tue, 24 Feb 2026 03:31 PM (IST)
Updated Date: Tue, 24 Feb 2026 03:34 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਛਡਾਓ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 5 ਮਾਰਚ ਨੂੰ ਇੱਕ ਵਿਸ਼ਾਲ ਹੜ੍ਹਤਾਲ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਮੁਲਾਜ਼ਮ ਜੋ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਦਿਨ-ਰਾਤ ‘ਨਸ਼ਿਆਂ ਵਿਰੁੱਧ ਮੁਹਿੰਮ’ ਤਹਿਤ ਮੂਹਰਲੀ ਕਤਾਰ ’ਚ ਰਹਿ ਕੇ ਕੰਮ ਕਰ ਰਹੇ ਹਨ, ਅੱਜ ਖੁਦ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹਨ। ਸਰਕਾਰ ਇੱਕ ਪਾਸੇ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਇਸ ਮੁਹਿੰਮ ਦੀ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਮੇਂ ਸਮੇਂ ਸਿਰ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਪ੍ਰੰਤੂ ਬੇਸਿੱਟਾ ਰਹੀਆਂ। ਆਗੂਆਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਸਰਕਾਰ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾ ਰਹੇ ਹਾਂ, ਪ੍ਰੰਤੂ ਹਰ ਵਾਰ ਡੰਗ ਟਪਾਊ ਨੀਤੀ ਅਪਣਾਈ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਯੂਨੀਅਨ ਨੂੰ ਪੰਜ ਵਾਰ ਮੀਟਿੰਗ ਦਾ ਸਮਾਂ ਦੇਣ ਦੇ ਬਾਵਜੂਦ ਯੂਨੀਅਨ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਸੁਣਵਾਈ ਨਾ ਹੋਣ ਕਾਰਨ ਹੁਣ ਸਾਨੂੰ ਸੰਘਰਸ਼ ਦਾ ਰਾਹ ਚੁਣਨਾ ਪਿਆ ਹੈ ਅਤੇ ਆਉਣ ਵਾਲੇ 5 ਮਾਰਚ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਹੜ੍ਹਤਾਲ ਕੀਤੀ ਜਾਵੇਗੀ ਅਤੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਗਰਾਉਂਡ ਪੱਧਰ ’ਤੇ ਹੋ ਰਹੇ ਮੁਲਾਜ਼ਮਾਂ ਦੇ ਸ਼ੋਸ਼ਣ ਬਾਰੇ ਜਨਤਾ ਨੂੰ ਜਾਣੂੰ ਕਰਵਾਇਆ ਜਾਵੇਗਾ। ਸਾਡੀ ਇਹ ਹੜ੍ਹਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ। ਅਸੀਂ ਮੀਡੀਆ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਾਲੇ ਇਨ੍ਹਾਂ ਮੁਲਾਜ਼ਮਾਂ ਦੇ ਹੱਕਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਜਲਦ ਮੁਲਾਜ਼ਮਾਂ ਦਾ 12% ਬਕਾਇਆ ਜਾਰੀ ਕੀਤਾ ਜਾਵੇ।