ਵਪਾਰੀ ਵਰਗ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਅਧਾਰ ਤੇ ਹੱਲ ਹੋਵੇਗਾ : ਐੱਨਕੇ ਸ਼ਰਮਾਂ ਸ਼ਿਅਦ ਦੀ ਸਰਕਾਰ ਬਣਨ ’ਤੇ ਨਸ਼ਾ, ਰਿਸ਼ਵਤਖੋਰੀ, ਗੈਂਗਸਟਰਵਾਦ ਤੇ ਬੇਰੁਜਗਾਰੀ ਖਤਮ ਕੀਤੀ ਜਾਵੇਗੀ : ਐੱਨਕੇ ਸ਼ਰਮਾਂ
Publish Date: Wed, 14 Oct 2026 05:35 PM (IST)
Updated Date: Wed, 14 Oct 2026 05:39 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸ਼ੋ੍ਮਣੀ ਅਕਾਲੀ ਦਲ ਦੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਐੱਨਕੇ ਸ਼ਰਮਾਂ ਨੇ ਅੱਜ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਗਿੱਦੜਬਾਹਾ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਰਾਜ ਅੰਦਰ ਸ਼ਿਅਦ ਦੀ ਸਰਕਾਰ ਬਣਨ ਤੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਇੰਨਾਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਮੰਗਾਂ ਨੂੰ ਸ਼ਿਅਦ ਵੱਲੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾ ਲਈ ਤਿਆਰ ਕੀਤੇ ਜਾ ਰਹੇ ਪਾਰਟੀ ਦੇ ਮੈਨੀਫੈਸਟੋ ਵਿਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਿਅਦ ਦਾ ਚੋਣ ਮੈਨੀਫੈਸਟੋ ਕਾਨੂੰਨੀ ਦਸਤਾਵੇਜ ਹੋਵੇਗਾ ਅਤੇ ਇਸ ਵਿਚ ਕੀਤੇ ਗਏ ਸਾਰੇ ਵਾਅਦੇ ਸਰਕਾਰ ਆਪਣੇ ਕਾਰਜਕਾਲ ਦੌਰਾਨ ਪੂਰੇ ਕਰੇਗੀ। ਉਨਾਂ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦੌਰਾਨ ਸੁਖਬੀਰ ਸਿੰਘ ਬਾਦਲ ਹੀ ਗਿੱਦੜਬਾਹਾ ਤੋਂ ਹੋਣ ਲੜਣਗੇ ਅਤੇ ਗਿੱਦੜਬਾਹਾ ਅਜਿਹਾ ਪਹਿਲਾ ਹਲਕਾ ਹੋਵੇਗਾ ਜੋ ਪਿਤਾ ਤੋਂ ਬਾਅਦ ਪੁੱਤਰ ਨੂੰ ਵੀ ਵਿਧਾਇਕ ਨਹੀਂ ਸਗੋਂ ਪੰਜਾਬ ਦਾ ਮੁੱਖ ਮੰਤਰੀ ਚੁਣੇਗਾ। ਉਨ੍ਹਾਂ ਸ਼ਿਅਦ ਦੇ 2007 ਤੋਂ 2017 ਤੱਕ ਦੇ ਕਾਰਜਕਾਲ ਦਾ ਜਿਕਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ ਗਿਆ ਸੀ, ਇੰਡਸਟ੍ਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ, ਵਪਾਰੀ ਵਰਗ ਨੂੰ ਇੰਸਪੈਕਟਰੀ ਰਾਜ ਤੋਂ ਮੁਕਤ ਕਰਵਾਇਆ ਜਦੋਂ ਕਿ ਹੁਣ ਪੰਜਾਬ ਵਿਚ ਬਿਜਲੀ ਦੇ ਅਣਐਲਾਣੇ ਲੰਮੇ ਲੰਮੇ ਕੱਟ ਲੱਗ ਰਹੇ ਹਨ, ਬਿਜਲੀ ਦੀ ਮੰਗ 17 ਹਜਾਰ ਮੈਗਾਵਾਟ ਤੱਕ ਪੁੱਜ ਗਈ ਹੈ, ਜਦੋਂਕਿ ਸਕਰਾਰ ਪਾਸ ਕਰੀਬ 11 ਹਜਾਰ ਮੈਗਾਵਾਟ ਬਿਜਲੀ ਦੀ ਪੈਦਾਵਾਰ ਹੈ। ਬਿਜਲੀ ਕੱਟਾਂ ਕਰਕੇ ਜਿੱਥੇ ਘਰੇਲੂ ਖਪਤਕਾਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਉਥੇ ਹੀ ਇੰਡਸਟਰੀ ਨੂੰ ਕਰੋੜਾ ਦਾ ਘਾਟਾ ਝੱਲਣਾ ਪੈ ਰਿਹਾ ਹੈ, ਜਿਸ ਕਾਰਨ ਇੰਡਸਟਰੀ ਰਾਜ ਵਿਚੋਂ ਪਲਾਇਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੌਜੂਦਾ ਸਮੇਂ ਦੌਰਾਨ ਕਾਨੂੰਨ ਨਾਮ ਦੀ ਕੋਈ ਵੀ ਚੀਜ ਬਾਕੀ ਨਹੀਂ ਰਹੀ ਹੈ ਕਿਉਂਕਿ ਪੰਜਾਬ ਵਿਚ ਨਸ਼ਾ, ਗੈਂਗਸਟਰਵਾਦ ਅਤੇ ਬੇਰੁਜਗਾਰੀ ਵੱਧ ਰਿਹਾ ਹੈ ਜਦੋਂਕਿ ਸਰਕਾਰ ਪਾਸ ਇੰਨਾਂ ਦੇ ਹੱਲ ਲਈ ਕੋਈ ਠੋਸ ਨੀਤੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ 1-2 ਸਾਲਾਂ ਵਿਚ ਵਿਦੇਸ਼ਾਂ ਤੋਂ ਕਰੀਬ 10 ਲੱਖ ਨੌਜਵਾਨ ਸਿੱਖਿਆ ਪ੍ਰਾਪਤ ਕਰਕੇ ਵਾਪਿਸ ਆਉਣ ਦੀ ਤਿਆਰੀ ਵਿਚ ਹਨ ਪਰੰਤੂ ਮੌਜੂਦਾ ਪੰਜਾਬ ਸਰਕਾਰ ਪਾਸ ਇੰਨਾਂ ਨੂੰ ਰੋਜਗਾਰ ਜਾਂ ਨੌਕਰੀ ਦੇਣ ਲਈ ਕੋਈ ਵਿਜਨ ਨਹੀਂ ਹੈ, ਸਗੋਂ ਆਪਣੇ ਭਾਸ਼ਣਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਆਦਾਤਰ ਸਮਾਂ ਅਕਾਲੀ ਦਲ ਨੂੰ ਨਿੰਦਣ ਅਤੇ ਚੁਟਕਲੇ ਸੁਣਾ ਕੇ ਸਮਾਂ ਲੰਘਾ ਰਹੇ ਹਨ। ਦੂਜੇ ਪਾਸੇ ਸ਼ਿਅਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਦਫਤਰ ਵਿਚ ਬੈਠ ਕੇ ਪੰਜਾਬ ਨੂੰ ਮੌਜੂਦਾ ਹਲਾਤਾਂ ਤੋਂ ਬਚਾਉਣ ਲਈ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨਾਲ ਮੀਟਿੰਗਾਂ ਕਰਕੇ ਇਕ ਵਿਜਨ ਤਿਆਰ ਕਰ ਰਹੇ ਹਨ। ਉਨਾਂ ਵਾਅਦਾ ਕੀਤਾ ਕਿ ਜੇਕਰ ਰਾਜ ਅੰਦਰ ਸ਼ਿਅਦ ਦੀ ਸਰਕਾਰ ਬਣਦੀ ਹੈ, ਤਾਂ ਪੰਜਾਬ ਵਿਚੋਂ ਨਸ਼ਾਂ, ਰਿਸ਼ਵਤਖੋਰੀ, ਗੈਂਗਸਟਰਵਾਦ ਅਤੇ ਬੇਰੁਜਗਾਰੀ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਪੰਜਾਬ ਨੂੰ ਮੁੜ ਖੁਸ਼ਹਾਲ ਰਾਜ ਬਣਾਇਆ ਜਾਵੇਗਾ। ਇਸ ਮੌਕੇ ਬੀਬੀ ਗੁਰਦਿਆਲ ਕੌਰ ਮੱਲਣ, ਗੁਰਵਿੰਦਰ ਸਿੰਘ ਵਣਵਾਲਾ, ਗੁਰਮੀਤ ਸਿੰਘ ਮਾਨ, ਦਿਨੇਸ਼ ਗਰਗ ਕਾਲਾ, ਗੁਰਚਰਨ ਸਿੰਘ ਭਲਾਈਆਣਾ, ਚਰਨਜੀਤ ਸਿੰਘ ਭੂੰਦੜ, ਗੁਰਪਿੰਕਸ ਮਾਨ, ਹੇਮ ਰਾਜ, ਸੰਦੀਪ ਅਰੋੜਾ ਲੱਡੂ, ਵਰਿੰਦਰ ਸਿੰਘ ਗੋਗੀ, ਨਰਿੰਦਰ ਸਿੰਘ, ਕਾਕਾ ਚਾਹਲ, ਪ੍ਰਦੀਪ ਅਰੋੜਾ, ਬਲਜੀਤ ਸਿੰਘ ਚੀਨਾ, ਕੇਵਲ ਸਿੰਘ ਫੌਜੀ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਦੇ ਵੱਖ ਵੱਖ ਵਪਾਰਾਂ ਨਾਲ ਸੰਬੰਧਤ ਨੁਮਾਇੰਦੇ ਅਤੇ ਅਕਾਲੀ ਦਲ ਦੇ ਵਰਕਰ ਮੌਜੂਦ ਸਨ।