ਬਰਕੰਦੀ ਦੇ ਕਈ ਮਜ਼ਦੂਰ ਪਰਿਵਾਰ ਧਰਮਸ਼ਾਲਾ ਤੇ ਛੱਪਰ ਬਣਾ ਕੇ ਰਹਿਣ ਲਈ ਮਜ਼ਬੂਰ
ਪਿੰਡ ਬਰਕੰਦੀ ਦੇ ਦਰਜਨ ਮਜ਼ਦੂਰ ਪਰਿਵਾਰ ਧਰਮਸ਼ਾਲਾ ਅਤੇ ਛੱਪਰ ਬਣਾ ਕੇ ਰਹਿਣ ਲਈ ਮਜ਼ਬੂਰ
Publish Date: Wed, 25 Feb 2026 04:12 PM (IST)
Updated Date: Wed, 25 Feb 2026 04:13 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਾਲ ਪਹਿਲਾਂ ਹੀ ਮੁੜ ਤੋਂ ਗੱਦੀ ਹਾਸਲ ਕਰਨ ਲਈ 2027 ਦੀਆਂ ਵੋਟਾਂ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਬਜ਼ਬਾਗਾਂ ਦੀ ਝੱੜੀ ਲਾਉਣ ਲੱਗੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਪਿੰਡ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਕਿਹਾ ਕਿ ਸਰਕਾਰ ਪਿੰਡ ’ਚ ਨਵੀਆਂ ਗ੍ਰਾਂਟਾਂ ਦੇਣ ਲਈ ਮਜ਼ਦੂਰਾਂ ਦੇ ਘਰਾਂ ’ਚ ਸਰਵਾ ਕਰਵਾ ਰਹੀ ਹੈ ਪਰ ਸੁਖਵਿੰਦਰ ਕੌਰ ਪਤਨੀ ਸ਼ਿਵਚਰਨ ਸਿੰਘ ਜਿਸਨੂੰ ਸੱਤ ਮਹੀਨੇ ਪਹਿਲਾਂ ਮਕਾਨ ਦੀ ਗ੍ਰਾਂਟ ਦੇ 30000 ਰੁਪਏ ਪਾਏ ਸਨ, ਜਿਸਨੂੰ ਖਰਚ ਕੇ ਮਕਾਨ ਲੈਂਟਰ ਤੱਕ ਕਰ ਲਿਆ ਸੀ ਉਸਤੋਂ ਬਾਅਦ ਲੈਂਟਰ ਪਾਉਂਣ ਲਈ 72000 ਹਜਾਰ ਦੀ ਕਿਸ਼ਤ ਵਾਸਤੇ ਦਫ਼ਤਰਾਂ ਦੇ ਬਹੁਤ ਗੇੜੇ ਲਾਉਣ ਬਾਅਦ ਵੀ ਗ੍ਰਾਂਟ ਦੇ ਪੈਸੇ ਨਾ ਮਿਲੇ ਤਾਂ ਅੱਗੇ ਬਾਰਸ਼ਾਂ ਸ਼ੁਰੂ ਹੋਣ ਕਰਕੇ ਸੱਸ ਸਹੁਰੇ ਅਤੇ ਬੱਚਿਆਂ ਸਮੇਤ ਛੇ ਜੀਆਂ ਦੇ ਪਰਿਵਾਰਾਂ ਨੂੰ ਲੈ ਕੇ ਧਰਮਸ਼ਾਲਾ ਵਿੱਚ ਰਹਿਣ ਲਈ ਮਜ਼ਬੂਰ ਹੈ। ਇਸੇ ਤਰ੍ਹਾਂ ਰਾਮ ਸਿੰਘ ਪੁੱਤਰ ਨੀਲਾ ਸਿੰਘ ਜੋ ਕਿ ਇਕ ਲੱਤ ਤੋਂ ਅੰਗਹੀਣ ਉਹ ਵੀ ਧਰਮਸ਼ਾਲਾ ਵਿੱਚ ਬੈਠਾ ਮਕਾਨ ਦੀ 72000 ਹਜਾਰ ਵਾਲੀ ਦੂਜੀ ਕਿਸ਼ਤ ਦਾ ਇਤਜਾਰ ਕਰ ਰਿਹਾ ਹੈ। ਹਰਜਿੰਦਰ ਕੌਰ ਪਤਨੀ ਲੱਛਮਣ ਸਿੰਘ ਵੀ ਸੱਤ ਮਹੀਨੇ ਤੋਂ ਛੱਪਰ ਵਿੱਚ ਰਹਿ ਰਹੀ ਹੈ ਅਤੇ 72000 ਰੁਪਏ ਵਾਲੀ ਕਿਸ਼ਤ ਉਡੀਕ ਰਹੀ ਹੈ। ਇਸਤੋਂ ਇਲਾਵਾ ਧਰਮਪਾਲ ਸਿੰਘ ਪੁੱਤਰ ਹਰਬੰਸ ਸਿੰਘ, ਜਗਵੀਰ ਸਿੰਘ ਪੁੱਤਰ ਜਸਵੰਤ ਸਿੰਘ, ਸੁਖਬਵੀਰ ਕੌਰ ਪਤਨੀ ਕੇਵਲ ਸਿੰਘ, ਬਲਦੇਵ ਰਾਜ ਪੁੱਤਰ ਨੇਕ ਰਾਮ ਵੀ ਆਖਦੇ ਹਨ ਕਿ ‘ਪਹਿਲਾਂ ਸੱਤ ਮਹੀਨਿਆਂ ਤੋਂ ਅੱਧ ਵਿਚਕਾਰ ਖੜ੍ਹੇ ਮਕਾਨਾਂ ਦੀਆਂ ਛੱਤਾਂ ਤਾਂ ਪਵਾ ਦੇਵੋ, ਨਵੀਂਆਂ ਗ੍ਰਾਂਟਾਂ ਦੇ ਲਾਰੇ ਫੇਰ ਲਾ ਲਓ ਜੇ’। ਯੂਨੀਅਨ ਆਗੂਆਂ ਨੇ ਆਖਿਆ ਕਿ ਜੇਕਰ ਮਕਾਨਾਂ ਦੀਆਂ ਕਿਸ਼ਤਾਂ ਜਲਦੀ ਨਾ ਜਾਰੀ ਕੀਤੀਆਂ ਤਾਂ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ।