ਸ੍ਰੀ ਕ੍ਰਿਸ਼ਨ ਕਥਾ ਦੇ ਸਬੰਧ ’ਚ 5ਵੀਂ ਸੰਧਿਆ ਫੇਰੀ ਸਜਾਈ ਡੀਜੇਜੇਐੱਸ ਵੱਲੋਂ ਸ੍ਰੀ ਕ੍ਰਿਸ਼ਨ ਕਥਾ ਦੇ ਸਬੰਧ ’ਚ ਪੰਜਵੀਂ ਵਿਸ਼ਾਲ ਸੰਧਿਆ ਫੇਰੀ ਦਾ ਆਯੋਜਨ
Publish Date: Sat, 11 Jul 2026 04:29 PM (IST)
Updated Date: Sat, 11 Jul 2026 04:30 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼ਹਿਰ ’ਚ ਕਰਵਾਈ ਜਾ ਰਹੀ ਸ੍ਰੀ ਕ੍ਰਿਸ਼ਨ ਕਥਾ ਦੇ ਪ੍ਰਚਾਰ ਅਤੇ ਪਾਸਾਰ ਲਈ ਚਲਾਈ ਜਾ ਰਹੀ ਪੰਜ ਦਿਨਾਂ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਪੰਜਵੀਂ ਵਿਸ਼ਾਲ ਸੰਧਿਆ ਫੇਰੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ। ਇਹ ਸੰਧਿਆ ਫੇਰੀ ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਤੋਂ ਸ਼ੁਰੂ ਹੋਈ। ਪਰੰਪਰਾ ਅਨੁਸਾਰ ਮੰਦਰ ਦੇ ਮੁਖੀ ਵੱਲੋਂ ਭਗਵਾਨ ਦੀ ਵਿਸ਼ੇਸ਼ ਪੂਜਾ-ਅਰਚਨਾ ਕਰਨ ਅਤੇ ਨਾਰੀਅਲ ਤੋੜਨ ਦੀ ਰਸਮ ਨਿਭਾਉਣ ਉਪਰੰਤ ਇਸ ਨੂੰ ਰਵਾਨਾ ਕੀਤਾ ਗਿਆ। ਇਸ ਸ਼ੁਭ ਮੌਕੇ ’ਤੇ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ, ਜਿਸ ਨਾਲ ਪੂਰਾ ਮਾਹੌਲ ਭਗਤੀ ਦੇ ਰੰਗ ’ਚ ਰੰਗਿਆ ਗਿਆ। ਸੰਸਥਾ ਦੇ ਬੁਲਾਰੇ ਸਵਾਮੀ ਸੁਖਦੇਵਾ ਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਇਸ ਫੇਰੀ ’ਚ ਉਤਸ਼ਾਹਪੂਰਵਕ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਮਨੁੱਖਤਾ ਨੂੰ ਸਹੀ ਰਸਤਾ ਦਿਖਾਉਣ ਲਈ ਅਜਿਹੇ ਧਾਰਮਿਕ ਪ੍ਰੋਗਰਾਮਾਂ ਦੀ ਬਹੁਤ ਲੋੜ ਹੈ। ਕਾਲੀਆ ਨਾਗ ਮਰਦਾਨ ਲੀਲ੍ਹਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੁਨੀਆ ਇਸ ਲੀਲ੍ਹਾ ਨੂੰ ਸਿਰਫ਼ ਇੱਕ ਮਨੋਰੰਜਨ ਦੇ ਨਾਟਕ ਵਜੋਂ ਦੇਖਦੀ ਹੈ, ਪਰ ਸਾਡੇ ਪਵਿੱਤਰ ਧਾਰਮਿਕ ਗ੍ਰੰਥ ਇਸ ਦੇ ਪਿੱਛੇ ਛੁਪੇ ਗੂੜ੍ਹੇ ਰਹੱਸ ਨੂੰ ਪ੍ਰਗਟ ਕਰਦੇ ਹਨ। ਕਾਲੀਆ ਨਾਗ ਮਰਦਾਨ ਰਾਹੀਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਸਾਨੂੰ ਆਪਣੇ ਮਨ ਦੇ ਵਿਕਾਰਾਂ ਅਤੇ ਬੁਰੀਆਂ ਆਦਤਾਂ ’ਤੇ ਜਿੱਤ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ ਹੈ। ਅੱਜ ਦਾ ਮਨੁੱਖ ਆਪਣੇ ਅੰਦਰੂਨੀ ਵਿਕਾਰਾਂ ਤੋਂ ਪ੍ਰੇਸ਼ਾਨ ਹੈ। ਇਨ੍ਹਾਂ ਅਵਗੁਣਾਂ ’ਤੇ ਜਿੱਤ ਉਦੋਂ ਹੀ ਸੰਭਵ ਹੈ, ਜਦੋਂ ਸ੍ਰੀ ਕ੍ਰਿਸ਼ਨ ਵਰਗਾ ਕੋਈ ਪੂਰਨ ਸਦਗੁਰੂ ਤੁਹਾਡੇ ਮਨ ’ਤੇ ਰਾਜ ਕਰੇਗਾ। ਸਵਾਮੀ ਨੇ ਦੱਸਿਆ ਕਿ ਅੱਜ ਦੇ ਕਲਯੁਗ ’ਚ ਵਿਕਾਰਾਂ ਤੋਂ ਮੁਕਤੀ ਅਤੇ ਸੱਚੀ ਸ਼ਾਂਤੀ ਦੇ ਮਾਰਗ ਵਰਗੇ ਸਵਾਲਾਂ ਦੇ ਜਵਾਬ ਦੇਣ ਲਈ, ਸੰਸਥਾ ਦੇ ਸੰਸਥਾਪਕ ਸਤਿਗੁਰੂ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਪਰਮ ਚੇਲੀ ਅਤੇ ਕਥਾ ਵਿਆਸ ਸਾਧਵੀ ਸੌਮਿਆ ਭਾਰਤੀ ਆਪਣੀ ਪੂਰੀ ਟੀਮ ਸਮੇਤ 30 ਅਗਸਤ ਤੋਂ 3 ਸਤੰਬਰ ਤੱਕ ਸ੍ਰੀ ਕ੍ਰਿਸ਼ਨ ਕਥਾ ਦਾ ਅੰਮ੍ਰਿਤ ਵਰਖਾ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਰਹੇ ਹਨ। ਸੰਧਿਆ ਫੇਰੀ ਦੌਰਾਨ ਸ਼ਰਧਾਲੂ ਭਜਨ-ਕੀਰਤਨ ਕਰਦੇ ਹੋਏ ਅੱਗੇ ਵਧ ਰਹੇ ਸਨ। ਸ਼ਹਿਰ ਨਿਵਾਸੀਆਂ ਵੱਲੋਂ ਜਗ੍ਹਾ-ਜਗ੍ਹਾ ’ਤੇ ਸ਼ਰਧਾਲੂਆਂ ਦਾ ਨਿੱਘਾ ਅਤੇ ਉਤਸ਼ਾਹਪੂਰਵਕ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਥਾ ਦੀਆਂ ਮੁੱਖ ਪ੍ਰਚਾਰਕਾਂ ਸਾਧਵੀ ਸੁਨੀਤਾ ਭਾਰਤੀ, ਸਾਧਵੀ ਮਨਦੀਪ ਭਾਰਤੀ ਅਤੇ ਸਾਧਵੀ ਕਿਰਨ ਭਾਰਤੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਹ ਸੰਧਿਆ ਫੇਰੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਅਬੋਹਰ ਰੋਡ ਤੇ ਭਗਵਾਨ ਦੀ ਪਵਿੱਤਰ ਆਰਤੀ ਦੇ ਨਾਲ ਸਫਲਤਾਪੂਰਵਕ ਸਮਾਪਤ ਹੋਈ।