
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਿਵਿਆ ਜਯੋਤੀ ਜਾਗ੍ਰਤੀ ਸੰਸਥਾ ਵੱਲੋਂ ਰੱਖੜੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਸਥਿਤ ਆਸ਼ਰਮ ਵਿਖੇ ਰੱਖੜੀ ਦਾ ਪਾਵਨ ਤਿਉਹਾਰ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਭੈਣਾਂ ਨੇ ਭਰਾਵਾਂ ਦੀਆਂ ਕਲਾਈਆਂ ’ਤੇ ਪਿਆਰ, ਵਿਸ਼ਵਾਸ ਅਤੇ ਰੱਖਿਆ ਦੇ ਪ੍ਰਤੀਕ ਰੱਖੜੀ ਦੇ ਧਾਗੇ ਬੰਨ੍ਹ ਕੇ ਇਸ ਤਿਉਹਾਰ ਦੀ ਮਹੱਤਤਾ ਨੂੰ ਹੋਰ ਵੀ ਜੀਵੰਤ ਕੀਤਾ। ਇਸ ਮੌਕੇ ਗੁਰਦੇਵ ਸਰਵ ਆਸ਼ੂਤੋਸ਼ ਦੀ ਸ਼ਿਸ਼ਿਆ ਸਾਧਵੀ ਕਮਲੇਸ਼ਵਰੀ ਭਾਰਤੀ ਨੇ ਕਿਹਾ ਕਿ ਰੱਖੜੀ ਕੇਵਲ ਇੱਕ ਧਾਗਾ ਬੰਨ੍ਹਣ ਦਾ ਤਿਉਹਾਰ ਨਹੀਂ, ਸਗੋਂ ਇਹ ਪਿਆਰ, ਕਰਤੱਵ, ਸੰਸਕਾਰ ਅਤੇ ਜ਼ਿੰਮੇਵਾਰੀ ਦੇ ਸੰਕਲਪ ਦਾ ਤਿਉਹਾਰ ਹੈ। ਭਾਰਤੀ ਸੰਸਕ੍ਰਿਤੀ ’ਚ ਭੈਣ-ਭਰਾ ਦਾ ਰਿਸ਼ਤਾ ਕੇਵਲ ਪਰਿਵਾਰਕ ਸਬੰਧ ਨਹੀਂ, ਬਲਕਿ ਇੱਕ-ਦੂਜੇ ਪ੍ਰਤੀ ਸਤਿਕਾਰ, ਸਹਿਯੋਗ ਅਤੇ ਸੁਰੱਖਿਆ ਦੀ ਭਾਵਨਾ ਦਾ ਪ੍ਰਤੀਕ ਰਿਹਾ ਹੈ। ਜਦੋਂ ਮਨੁੱਖ ਆਧਿਆਤਮਿਕ ਚੇਤਨਾ ਨਾਲ ਜੁੜਦਾ ਹੈ ਤਾਂ ਉਸ ਦੇ ਅੰਦਰ ਵਿਵੇਕ ਜਾਗਦਾ ਹੈ ਅਤੇ ਉਹ ਖੁਦ ਵੀ ਸਹੀ ਮਾਰਗ ’ਤੇ ਚੱਲਦਾ ਹੈ ਅਤੇ ਦੂਜਿਆਂ ਦੇ ਜੀਵਨ ਵਿੱਚ ਵੀ ਸਕਾਰਾਤਮਕ ਬਦਲਾਅ ਲਿਆਉਣ ਦਾ ਮਾਧਿਅਮ ਬਣਦਾ ਹੈ। ਉਨ੍ਹਾਂ ਕਿਹਾ ਕਿ ਬ੍ਰਹਮ ਗਿਆਨ ਮਨੁੱਖ ਨੂੰ ਆਪਣੇ ਅਸਲ ਸਰੂਪ ਦਾ ਬੋਧ ਕਰਵਾਉਂਦਾ ਹੈ ਅਤੇ ਜੀਵਨ ਵਿੱਚ ਸੰਜਮ, ਸ਼ਾਂਤੀ, ਪਿਆਰ ਅਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਅੱਜ ਸਮਾਜ ਨੂੰ ਅਜਿਹੀ ਹੀ ਆਧਿਆਤਮਿਕ ਜਾਗ੍ਰਿਤੀ ਦੀ ਲੋੜ ਹੈ, ਜਿਸ ਨਾਲ ਨੌਜਵਾਨ ਸ਼ਕਤੀ ਸਹੀ ਦਿਸ਼ਾ ਵੱਲ ਅੱਗੇ ਵਧੇ ਅਤੇ ਪਰਿਵਾਰ ਤੇ ਸਮਾਜ ਵਿੱਚ ਪਿਆਰ ਅਤੇ ਸੰਸਕਾਰਾਂ ਦਾ ਮਾਹੌਲ ਬਣੇ। ਆਸ਼ਰਮ ਵਿਖੇ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਹਾਜ਼ਰ ਸ਼ਰਧਾਲੂਆਂ ਨੇ ਆਪਸੀ ਪਿਆਰ, ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਸਮੁੱਚਾ ਮਾਹੌਲ ਭਗਤੀ, ਉਤਸ਼ਾਹ ਅਤੇ ਆਧਿਆਤਮਿਕ ਊਰਜਾ ਨਾਲ ਭਰਪੂਰ ਰਿਹਾ। ਪ੍ਰੋਗਰਾਮ ਨੇ ਇਹ ਸੰਦੇਸ਼ ਦਿੱਤਾ ਕਿ ਜਦੋਂ ਤਿਉਹਾਰਾਂ ਨੂੰ ਸੰਸਕ੍ਰਿਤੀ ਅਤੇ ਆਧਿਆਤਮਿਕਤਾ ਨਾਲ ਜੋੜਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਪ੍ਰਭਾਵ ਕੇਵਲ ਇੱਕ ਦਿਨ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਉਹ ਸਮਾਜ ਵਿੱਚ ਰਿਸ਼ਤਿਆਂ ਅਤੇ ਸੰਸਕਾਰਾਂ ਨੂੰ ਮਜ਼ਬੂਤ ਕਰਨ ਦੀ ਪ੍ਰੇਰਣਾ ਬਣ ਜਾਂਦੇ ਹਨ।