ਸੰਤਾਂ-ਮਹਾਪੁਰਖ ਸਮੁੱਚੀ ਲੋਕਾਈ ਨੂੰ ਆਪਸੀ ਪ੍ਰੇਮ ਤੇ ਭਾਈਚਾਰੇ ਦਾ ਦਿੰਦੇ ਸੰਦੇਸ਼ : ਸਾਧਵੀ ਭਾਰਤੀ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
Publish Date: Tue, 24 Nov 2026 04:43 PM (IST)
Updated Date: Wed, 25 Nov 2026 04:02 AM (IST)
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੰਜਾਬੀ ਜਾਗਰਣ, ਰਿਪੋਰਟਰ ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ’ਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ’ਚ ਸੰਸਥਾਨ ਦੇ ਸੰਸਥਾਪਕ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਸੁਨੀਤਾ ਭਾਰਤੀ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰਵਚਨ ਕਰਦਿਆਂ ਸਾਧਵੀ ਸੁਨੀਤਾ ਭਾਰਤੀ ਨੇ ਕਿਹਾ ਕਿ ਉਹ ਧਰਤੀ ਬੜੀ ਭਾਗਾਂ ਵਾਲੀ ਅਤੇ ਪਵਿੱਤਰ ਹੁੰਦੀ ਹੈ, ਜਿੱਥੇ ਸੰਤ-ਮਹਾਂਪੁਰਖਾਂ ਦਾ ਆਗਮਨ ਹੁੰਦਾ ਹੈ। ਜਦੋਂ ਵੀ ਧਰਤੀ ’ਤੇ ਪਾਪ ਅਤੇ ਜ਼ੁਲਮ ਹੱਦੋਂ ਵੱਧ ਜਾਂਦਾ ਹੈ, ਤਾਂ ਪ੍ਰਮਾਤਮਾ ਸਤਿਗੁਰੂ ਦੇ ਰੂਪ ’ਚ ਅਵਤਾਰ ਧਾਰ ਕੇ ਭਟਕੀ ਹੋਈ ਮਨੁੱਖਤਾ ਨੂੰ ਸਹੀ ਮਾਰਗ ਦਿਖਾਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਵੀ ਉਸ ਸਮੇਂ ਹੋਇਆ ਜਦੋਂ ਸਮਾਜ ’ਚ ਅਗਿਆਨਤਾ ਅਤੇ ਜ਼ੁਲਮ ਸਿਖ਼ਰਾਂ ’ਤੇ ਸੀ। ਉਨ੍ਹਾਂ ਕਿਹਾ ਕਿ ਸੰਤਾਂ-ਮਹਾਂਪੁਰਖਾਂ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੁੰਦਾ, ਸਗੋਂ ਉਹ ਸਮੁੱਚੀ ਲੋਕਾਈ ਨੂੰ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਇਮਾਨਦਾਰੀ ਨਾਲ ਕਿਰਤ ਕਰਨ ਦਾ ਉਪਦੇਸ਼ ਦਿੱਤਾ, ਕਿਉਂਕਿ ਜੋ ਆਨੰਦ ਹੱਕ-ਸੱਚ ਦੀ ਕਮਾਈ ’ਚ ਮਿਲਦਾ ਹੈ, ਉਹ ਕਿਸੇ ਹੋਰ ਸਾਧਨ ਰਾਹੀਂ ਪ੍ਰਾਪਤ ਨਹੀਂ ਹੋ ਸਕਦਾ। ਸਾਧਵੀ ਨੇ ਅੱਗੇ ਕਿਹਾ ਕਿ ਜਦੋਂ ਤੱਕ ਜੀਵਨ ’ਚ ਸਤਿਗੁਰੂ ਦਾ ਆਗਮਨ ਨਹੀਂ ਹੁੰਦਾ, ਮਨੁੱਖ ਅਗਿਆਨਤਾ ਦੇ ਹਨੇਰੇ ’ਚ ਭਟਕਦਾ ਰਹਿੰਦਾ ਹੈ। ਗੁਰੂ ਹੀ ਗਿਆਨ ਦਾ ਪ੍ਰਕਾਸ਼ ਕਰਕੇ ਮਨੁੱਖ ਨੂੰ ਜੀਵਨ ਦੀ ਅਸਲੀਅਤ ਨਾਲ ਜੋੜਦਾ ਹੈ। ਇਸੇ ਮਕਸਦ ਨਾਲ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਰਕੇ ਚਾਰੇ ਦਿਸ਼ਾਵਾਂ ’ਚ ਸੱਚ ਦਾ ਪ੍ਰਚਾਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰਬਾਣੀ ਨੂੰ ਕੇਵਲ ਪੜ੍ਹਨਾ ਜਾਂ ਸੁਣਨਾ ਹੀ ਕਾਫ਼ੀ ਨਹੀਂ, ਸਗੋਂ ਇਸ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਮਲੀ ਰੂਪ ਦੇਣਾ ਹੀ ਮਨੁੱਖਾ ਜੀਵਨ ਦੀ ਅਸਲ ਸਾਰਥਕਤਾ ਹੈ। ਸਮਾਗਮ ਦੌਰਾਨ ਸਾਧਵੀ ਮਨਦੀਪ ਭਾਰਤੀ ਨੇ ਰਸਭਿੰਨੇ ਗੁਰਬਾਣੀ ਸ਼ਬਦਾਂ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।