ਜ਼ਿਲ੍ਹਾ ਪੱਧਰੀ ਸਵੀਪ ਲੇਖ ਤੇ ਕੁਇਜ਼ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ ਜ਼ਿਲ੍ਹਾ ਪੱਧਰੀ ਸਵੀਪ ਲੇਖ ਅਤੇ ਕੁਇਜ਼ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ
Publish Date: Thu, 19 Nov 2026 05:09 PM (IST)
Updated Date: Fri, 20 Nov 2026 04:04 AM (IST)
-ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਲਿਆ ਭਾਗ -ਵਧੀਕ ਡਿਪਟੀ ਕਮਿਸ਼ਨਰ ਨੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਜਾਗਰੂਕਤਾ ਮੁਹਿੰਮ (ਸਵੀਪ) ਤਹਿਤ ਜ਼ਿਲ੍ਹਾ ਪੱਧਰੀ ਲੇਖ ਅਤੇ ਕੁਇਜ਼ ਮੁਕਾਬਲੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਦੇ ਮੀਟਿੰਗ ਹਾਲ ਵਿਖੇ ਸਫ਼ਲਤਾਪੂਰਵਕ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਲੋਕਤੰਤਰੀ ਕਦਰਾਂ-ਕੀਮਤਾਂ, ਚੋਣ ਪ੍ਰਕਿਰਿਆ ਅਤੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਹ ਮੁਕਾਬਲੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਕੰਚਨ ਦੀ ਰਹਿਨੁਮਾਈ ਹੇਠ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ। ਹਰੇਕ ਵਿਧਾਨ ਸਭਾ ਹਲਕੇ ’ਚੋਂ 10-10 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਲੇਖ ਮੁਕਾਬਲੇ ’ਚ ਵਿਦਿਆਰਥੀਆਂ ਨੇ ਵੋਟਰ ਜਾਗਰੂਕਤਾ ਅਤੇ ਲੋਕਤੰਤਰ ਨਾਲ ਸਬੰਧਤ ਵਿਸ਼ਿਆਂ ਤੇ ਆਪਣੇ ਵਿਚਾਰ ਲਿਖਤੀ ਰੂਪ ਵਿੱਚ ਪੇਸ਼ ਕੀਤੇ, ਜਦਕਿ ਕੁਇਜ਼ ਮੁਕਾਬਲੇ ਦੌਰਾਨ ਵਿਦਿਆਰਥੀਆਂ ਤੋਂ ਚੋਣ ਪ੍ਰਣਾਲੀ, ਭਾਰਤੀ ਲੋਕਤੰਤਰ, ਵੋਟ ਦੇ ਅਧਿਕਾਰ ਅਤੇ ਆਮ ਗਿਆਨ ਨਾਲ ਸਬੰਧਤ ਸਵਾਲ ਪੁੱਛੇ ਗਏ। ਜੇਤੂ ਵਿਦਿਆਰਥੀਆਂ ਨੂੰ ਮੌਕੇ ’ਤੇ ਹੀ ਵਧੀਕ ਡਿਪਟੀ ਕਮਿਸ਼ਨਰ (ਜ) ਨਰਿੰਦਰ ਸਿੰਘ ਧਾਲੀਵਾਲ ਵੱਲੋਂ ਭੇਜੇ ਗਏ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਲੇਖ ਮੁਕਾਬਲੇ ’ਚ ਪਹਿਲਾ ਸਥਾਨ ਅਰਸ਼ਦੀਪ ਸਿੰਘ ਸਰਕਾਰੀ ਸੀ. ਸੈਕੰ. ਸਕੂਲ ਥਾਂਦੇਵਾਲਾ, ਦੂਸਰਾ ਸਥਾਨ ਮਨਮੀਤ ਕੌਰ ਜੇਐਨਜੀ ਡੀਏਵੀ ਪਬਲਿਕ ਸਕੂਲ ਗਿੱਦੜਬਾਹਾ, ਤੀਸਰਾ ਸਥਾਨ ਸਤਵੀਰ ਕੌਰ ਸਰਕਾਰੀ ਸੀ. ਸੈਕੰ. ਸਕੂਲ ਭੁੱਲਰ, ਚੌਥਾ ਸਥਾਨ ਅਭਿਜੋਤ ਸਿੰਘ ਸਰਕਾਰੀ ਸੀ. ਸੈਕੰ. ਸਕੂਲ ਗੁਰੂਸਰ, ਪੰਜਵਾਂ ਸਥਾਨ ਮਨਦੀਪ ਕੌਰ ਸਰਕਾਰੀ ਹਾਈ ਸਕੂਲ ਸੱਕਾਂਵਾਲੀ ਨੇ ਅਤੇ ਕੁਇੱਜ਼ ਮੁਕਾਬਲੇ ’ਚ ਪਹਿਲਾ ਸਥਾਨ ਹਰਜੋਤ ਕੌਰ ਸਰਕਾਰੀ ਸੀ. ਸੈਕੰ. ਸਕੂਲ ਵਿਰਕ ਖੇੜਾ, ਦੂਜਾ ਸਥਾਨ ਜਸ਼ਨਦੀਪ ਕੌਰ ਸਰਕਾਰੀ ਹਾਈ ਸਕੂਲ ਭੰਗਚੜੀ, ਤੀਜਾ ਸਥਾਨ ਪ੍ਰਭਜੋਤ ਕੌਰ ਦਸ਼ਮੇਸ਼ ਗਰਲਜ਼ ਸੀ. ਸੈਕੰ. ਸਕੂਲ ਬਾਦਲ, ਚੌਥਾ ਸਥਾਨ ਮਾਨਿਕ ਸੱਚਦੇਵਾ ਸਰਕਾਰੀ ਹਾਈ ਸਕੂਲ ਬਰਕੰਦੀ ਅਤੇ ਪੰਜਵਾਂ ਸਥਾਨ ਏਕਮਦੀਪ ਕੌਰ ਸਰਕਾਰੀ ਸੀ. ਸੈਕੰ. ਸਕੂਲ ਭੁੱਲਰ ਨੇ ਪ੍ਰਾਪਤ ਕੀਤਾ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਜਸਵਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਸਵੀਪ ਪ੍ਰੋਗਰਾਮ ਭਾਰਤ ਚੋਣ ਕਮਿਸ਼ਨ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ, ਜਿਸ ਦਾ ਮਕਸਦ ਯੋਗ ਵੋਟਰਾਂ ਨੂੰ ਵੋਟ ਬਣਵਾਉਣ, ਚੋਣਾਂ ’ਚ ਭਾਗ ਲੈਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਲਈ ਜਾਗਰੂਕ ਕਰਨਾ ਹੈ। ਇਸ ਮੌਕੇ ਜ਼ਿਲ੍ਹਾ ਸਵੀਪ ਟੀਮ ਦੇ ਮੈਂਬਰ ਰਾਜਕੁਮਾਰ, ਰੂੜ ਸਿੰਘ, ਲਖਵੀਰ ਸਿੰਘ, ਅਮਰਦੀਪ ਸਿੰਘ, ਸੰਜੀਵ ਭੱਟੀ, ਸਾਹਿਲ ਸਰਦਾਨਾ ਅਤੇ ਸੁਮਿਤ ਸਲੂਜਾ ਸਮੇਤ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੀਆਂ ਸਵੀਪ ਟੀਮਾਂ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਮੁਕਾਬਲਿਆਂ ਨੂੰ ਸਫ਼ਲ ਬਣਾਉਣ ’ਚ ਆਪਣਾ ਯੋਗਦਾਨ ਪਾਇਆ ਅਤੇ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਚੋਣ ਤਹਿਸੀਲਦਾਰ ਵਿਭੂ ਜੈਨ ਵੱਲੋਂ ਕੀਤਾ ਗਿਆ।