ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਤੇ ਕਾਵਿ ਗਾਇਨ ਮੁਕਾਬਲੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਾਵਿ ਗਾਇਨ ਮੁਕਾਬਲੇ
Publish Date: Thu, 05 Nov 2026 04:36 PM (IST)
Updated Date: Fri, 06 Nov 2026 04:03 AM (IST)
ਸਟਾਫ ਰਿਪਰੋਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਭਾਸ਼ਾ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜਫ਼ਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲੀ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਾਵਿ ਗਾਇਨ ਮੁਕਾਬਲੇ ਸਾਲ 2026, ਦਸਮੇਸ਼ ਖ਼ਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ। ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਲੇਖ ਰਚਨਾ ਮੁਕਾਬਲੇ ’ਚ ਮਨਦੀਪ ਕੌਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਈਨਾਖੇੜਾ, ਅਨਮੋਲਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਜਵਾਹਰੇਵਾਲਾ, ਦਿਵਿਆ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਕ੍ਰਮਵਾਰ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ’ਤੇ ਰਹੇ, ਕਵਿਤਾ ਰਚਨਾ ਮੁਕਾਬਲੇ ’ਚ ਇਸਮੀਤ ਕੌਰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ, ਜਸ਼ਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਸੂਰੇਵਾਲਾ ਤੇ ਗੁਰਲੀਨ ਕੌਰ ਸਰਕਾਰੀ ਮਿਡਲ ਸਕੂਲ ਸੰਮੇਵਾਲੀ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਕਹਾਣੀ ਰਚਨਾ ਮੁਕਾਬਲੇ ’ਚ ਸ਼ਿਵਨੀਤ ਕੌਰ ਸਰਕਾਰੀ ਹਾਈ ਸਕੂਲ ਜਵਾਹਰੇਵਾਲਾ, ਹਰਮਨਜੋਤ ਕੌਰ ਗੁਰੂ ਤੇਗ਼ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਤੇ ਖੁਸ਼ਦੀਪ ਕੌਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਕਵਿਤਾ ਗਾਇਨ ਮੁਕਾਬਲੇ ’ਚ ਰਿਸ਼ਵਦੀਪ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ, ਸੁਖਮਨ ਕੌਰ ਸਰਕਾਰੀ ਸੈਕੰਡਰੀ ਸਕੂਲ ਥਾਂਦੇਵਾਲਾ ਤੇ ਖੁਸ਼ਪ੍ਰੀਤ ਕੌਰ ਜੀ.ਟੀ.ਬੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਨਕਦ ਇਨਾਮ, ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਅਤੇ ਪ੍ਰਿੰਸੀਪਲ ਰਸ਼ਪਾਲ ਸਿੰਘ ਉੱਪਲ ਨੇ ਸਾਂਝੇ ਤੌਰ ’ਤੇ ਨਿਭਾਈ। ਵੱਖ-ਵੱਖ ਮੁਕਾਬਲਿਆਂ ਲਈ ਨਿਰਣਾਇਕ ਦੀ ਜ਼ਿੰਮੇਵਾਰੀ, ਗੁਰਮੇਲ ਸਿੰਘ ਸਾਗੂ, ਡਾ. ਗਗਨਦੀਪ ਕੌਰ, ਪ੍ਰੋ. ਰਛਪਾਲ ਸਿੰਘ ,ਗੁਰਨਾਮ ਸਿੰਘ, ਅੰਮ੍ਰਿਤਪਾਲ ਕੌਰ, ਖੁਸ਼ਵੀਰ ਕੌਰ ਢਿੱਲੋਂ, ਰੰਜੀਵ ਅਤੇ ਮਨਪ੍ਰੀਤ ਸਿੰਘ ਨੇ ਨਿਭਾਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਉੱਘੇ ਕਹਾਣੀਕਾਰ ਹਰਜਿੰਦਰ ਸਿੰਘ ਸੂਰੇਵਾਲੀਆ ਵੱਲੋਂ ਬੱਚਿਆਂ ਨੂੰ ਪੰਜਾਬੀ ਨਾਲ ਜੁੜਨ ਲਈ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ, ਮਨਜੀਤ ਪੁਰੀ ਨੇ ਭਾਗ ਲੈਣ ਵਾਲੇ ਬੱਚਿਆਂ ਨੂੰ ਸ਼ਾਬਾਸੇ ਦਿੰਦਿਆਂ ਕਿਹਾ ਕਿ ਮੁਕਾਬਲੇ ਵਿੱਚ ਭਾਗ ਲੈਣਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ‘ਅਸੀਂ ਸਾਹਿਤ ਕਿਉਂ ਪੜ੍ਹਦੇ ਹਾਂ?’ ਵਿਸ਼ੇ ’ਤੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦਿੰਦਿਆਂ ਕਿਹਾ ਕਿ ਸਾਹਿਤ ਪੜ੍ਹਨ ਨਾਲ ਮਨੁੱਖ ਦਾ ਡਿੱਗਿਆ ਮਨੋਬਲ ਉੱਪਰ ਉੱਠ ਖੜਦਾ ਹੈ। ਸਮਾਗਮ ਦੀ ਸਫ਼ਲਤਾ ਲਈ ਜੂਨੀਅਰ ਸਹਾਇਕ ਜਗਮੀਤ ਸਿੰਘ, ਲਖਬੀਰ ਸਿੰਘ ਗਿੱਲ ਤੇ ਸਤਨਾਮ ਸਿੰਘ ਨੇ ਪੂਰਨ ਸਹਿਯੋਗ ਦਿੱਤਾ। ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ’ਤੇ ਆਏ ਵਿਦਿਆਰਥੀਆਂ ਦਾ ਰਾਜ ਪੱਧਰੀ ਮੁਕਾਬਲਾ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ। ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਸਾਹਿਬਾਨ ਅਤੇ ਬੱਚਿਆਂ ਦੇ ਮਾਪਿਆਂ ਨੇ ਪ੍ਰਬੰਧਾਂ ’ਤੇ ਤਸੱਲੀ ਵਿਅਕਤ ਕਰਦਿਆਂ ਕਿਹਾ ਕਿ ਇਹਨਾਂ ਮੁਕਾਬਲਿਆਂ ਨਾਲ ਬੱਚਿਆਂ ਅੰਦਰ ਸਵੈ-ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਉਨ੍ਹਾਂ ਅੰਦਰ ਛੁਪੀ ਹੋਈ ਸਾਹਿਤਿਕ ਪ੍ਰਤਿਭਾ ਬਾਹਰ ਆਉਂਦੀ ਹੈ।