ਤਿੰਨ ਆਗੂਆਂ ਸਿੱਧੂ, ਜੀਤਾ ਤੇ ਸੰਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਤਿੰਨ ਆਗੂਆਂ ਖਿਲਾਫ ਅਨੁਸ਼ਾਸਨੀ ਕਾਰਵਾਈ
Publish Date: Fri, 10 Jul 2026 06:10 PM (IST)
Updated Date: Fri, 10 Jul 2026 06:12 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਪੈਦਾ ਹੋਇਆ ਵਿਵਾਦ ਹੁਣ ਉਨ੍ਹਾਂ ਦੇ ਜੱਦੀ ਸ਼ਹਿਰ ਤੱਕ ਪੁੱਜ ਗਿਆ ਹੈ। ਟਕਸਾਲੀ ਕਾਂਗਰਸੀ ਡਾ. ਕੇਹਰ ਸਿੰਘ ਦੇ ਪੋਤਰੇ ਪਰਮਜੀਤ ਸਿੰਘ ਬਿੱਲੂ ਸਿੱਧੂ ਅਤੇ ਮੁਕਤਸਰ ਦੀ ਕੌਂਸਲਰ ਦੇ ਪਤੀ ਗੁਰਮੀਤ ਸਿੰਘ ਜੀਤਾ ਸਣੇ ਤਿੰਨ ਜਣਿਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਸਬੰਧੀ ਪੱਤਰ ਜਾਰੀ ਕੀਤਾ ਹੈ। ਦੱਸਣ ਯੋਗ ਹੈ ਕਿ ਪਰਮਜੀਤ ਸਿੰਘ ਬਿੱਲੂ ਸਿੱਧੂ, ਗੁਰਮੀਤ ਸਿੰਘ ਜੀਤਾ ਅਤੇ ਮੋਹਕਮ ਸਿੰਘ ਸੰਧੂ ਹੋਰਾਂ ਨੇ ਸੋਸ਼ਲ ਮੀਡੀਆ ’ਤੇ ਬਿਆਨ ਦਿੱਤਾ ਸੀ ਕਿ ਰਾਜਾ ਵੜਿੰਗ ਵੱਲੋਂ ਕਾਂਗਰਸ ਦੀ ਬਿਹਤਰੀ ਲਈ ਸਾਰੇ ਕਾਂਗਰਸੀਆਂ ਨੂੰ ਨਾਲ ਲੈ ਕੇ ਨਹੀਂ ਚੱਲਿਆ ਜਾ ਰਿਹਾ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੱਖ ਦੀ ਹਮਾਇਤ ਕਰਦਿਆਂ ਕਿਹਾ ਸੀ ਕਿ ਭੂਪੇਸ਼ ਬਘੇਲ ਵੀ ਕਾਂਗਰਸ ਅਤੇ ਪੰਜਾਬ ਦੇ ਲੋਕਾਂ ਦੀ ਅਵਾਜ਼ ਨੂੰ ਸੁਣਨ ਦੀ ਬਜਾਏ ਸਿਰਫ ਰਾਜਾ ਵੜਿੰਗ ਦੀ ਅਵਾਜ਼ ਸੁਣ ਰਹੇ ਹਨ। ਇਨ੍ਹਾਂ ਬਿਆਨ੍ਹਾਂ ਤੋਂ ਬਾਅਦ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਵੱਲੋਂ ਜਾਰੀ ਪੱਤਰ ਅਨੁਸਾਰ ਪਰਮਜੀਤ ਸਿੰਘ ਬਿੱਲੂ ਸਿੱਧੂ, ਮੋਹਕਮ ਸਿੰਘ ਸੰਧੂ ਅਤੇ ਗੁਰਮੀਤ ਸਿੰਘ ਜੀਤਾ ਹੋਰਾਂ ਖਿਲਾਫ ਪਾਰਟੀ ਵਿਰੋਧੀ ਕਾਰਵਾਈਆਂ ਕਾਰਣ ਅਨੁਸ਼ਾਸਨੀ ਕਾਰਵਾਈ ਕੀਤੀ ਜਾਂਦੀ ਹੈ। ਸੁਤੰਤਰਤਾ ਸੈਨਾਨੀ ਡਾ. ਕੇਹਰ ਸਿੰਘ ਦੇ ਪੋਤਰੇ ਅਤੇ ਟਕਸਾਲੀ ਕਾਂਗਰਸੀ ਆਗੂ ਪਰਮਜੀਤ ਸਿੰਘ ਬਿੱਲੂ ਸਿੱਧੂ ਨੇ ਜ਼ਿਲ੍ਹਾ ਪ੍ਰਧਾਨ ਵੱਲੋਂ ਜਾਰੀ ਪੱਤਰ ਦੇ ਜਵਾਬ ’ਚ ਕਿਹਾ ਕਿ ਉਹ ‘ਰਾਜਾ ਮਾਰਕਾ ਕਾਂਗਰਸ’ ਦਾ ਹਿੱਸਾ ਨਾ ਪਹਿਲਾਂ ਸੀ ਅਤੇ ਨਾ ਹੁਣ ਹੈ। ਉਹ ਟਕਸਲੀ ਕਾਂਗਰਸੀ ਹਨ ਅਤੇ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸੀ ਹੋਣ ਲਈ ਕਾਂਗਰਸੀ ਹੋਣ ਦਾ ਸਰਟੀਫਿਕੇਟ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੋਂ ਲੈਣ ਦੀ ਲੋੜ ਨਹੀਂ। ਗੁਰਮੀਤ ਸਿੰਘ ਜੀਤਾ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਦੇ ਐਮਸੀ ਹੁੰਦਿਆਂ, ਮੁਕਤਸਰ ਦੇ ਸਾਰੇ ਕਾਂਗਰਸੀ ਕੌਂਸਲਰਾਂ ਸਣੇ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ ਪਰ ਇਸ ਵਾਰ ਕਾਂਗਰਸ ਪਾਰਟੀ ਨੇ ਮੱਲੋਂ ਜ਼ੋਰੀਂ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਤੇ ਹੁਣ ਫਿਰ ਆਪੇ ਹੀ ਹੁਕਮ ਸੁਣਾ ਦਿੱਤਾ ਕਿ ਪਾਰਟੀ ਤੋਂ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਦਮ ’ਤੇ ਕੌਂਸਲਰ ਚੋਣ ਜਿੱਤੇ ਹਨ ਕਾਂਗਰਸ ਦੇ ਜ਼ੋਰ ’ਤੇ ਨਹੀਂ। ਕਰਨ ਕੌਰ ਬਰਾੜ ਖ਼ਿਲਾਫ਼ ਕੋਈ ਕਾਰਵਾਈ ਨਹੀਂ : ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਨੇ ਦੱਸਿਆ ਇਹ ਕਾਰਵਾਈ ਪਾਰਟੀ ਹਾਈ ਕਮਾਂਡ ਦੇ ਕਹਿਣ ’ਤੇ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਦੇ ਖਿਲਾਫ ਅਜੇ ਕੋਈ ਕਾਰਵਾਈ ਨਹੀਂ ਹੋ ਰਹੀ। ਦੱਸਣਯੋਗ ਹੈ ਕਿ ਕਰਨ ਕੌਰ ਬਰਾੜ ਨੇ ਵੀ ਰਾਜਾ ਵੜਿੰਗ ਉਪਰ ਸਾਰੇ ਕਾਂਗਰਸੀਆਂ ਨੂੰ ਨਾਲ ਨਾ ਲੈ ਕੇ ਚੱਲਣ ਦੇ ਦੋਸ਼ ਲਾਏ ਸਨ।