ਬਰੀਵਾਲਾ ਦੀ ਅਨਾਜ ਮੰਡੀ ’ਚ ਪਖਾਨਿਆਂ ਦਾ ਗੰਦਾ ਪਾਣੀ ਫਸਲਾਂ ਤੱਕ ਪੁੱਜਾ ਬਰੀਵਾਲਾ ਦੀ ਅਨਾਜ ਮੰਡੀ ’ਚ ਪਖਾਨਿਆਂ ਦਾ ਗੰਦਾ ਪਾਣੀ ਫਸਲਾਂ ਤੱਕ ਪੁੱਜਾ
Publish Date: Tue, 03 Nov 2026 06:58 PM (IST)
Updated Date: Tue, 03 Nov 2026 06:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੰਡੀ ਬਰੀਵਾਲਾ : ਮੰਡੀ ਬਰੀਵਾਲਾ ਦੀ ਅਨਾਜ ਮੰਡੀ ’ਚ ਝੋਨੇ ਦੀ ਫ਼ਸਲ ਲੈ ਕੇ ਪਹੁੰਚੇ ਕਿਸਾਨ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਮੰਡੀ ’ਚ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ ਅਤੇ ਬਾਥਰੂਮਾਂ ਦੀ ਸਥਿਤੀ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਕਿਸਾਨਾਂ ਨੂੰ ਇੱਥੇ ਬੈਠਣਾ ਨਰਕ ਸਮਾਨ ਲੱਗ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਪਖਾਨਿਆਂ ਅਤੇ ਯੂਰੀਨਲਜ਼ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਮੰਡੀ ਦੇ ਫੜ੍ਹਾਂ ਅਤੇ ਰਸਤਿਆਂ ਚ ਫੈਲ ਰਿਹਾ ਹੈ, ਜਿੱਥੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਈ ਹੈ। ਗੰਦੇ ਪਾਣੀ ਦੀ ਬਦਬੂ ਕਾਰਨ ਉੱਥੋਂ ਲੰਘਣਾ ਵੀ ਔਖਾ ਹੋ ਗਿਆ ਹੈ।ਟੈਂਕੀਆਂ ਅਤੇ ਪਖਾਨਿਆਂ ’ਚ ਪਾਣੀ ਨਹੀਂ ਆ ਰਿਹਾ, ਜਿਸ ਕਾਰਨ ਬਾਥਰੂਮਾਂ ਦੀ ਸਫ਼ਾਈ ਬਿਲਕੁਲ ਨਹੀਂ ਹੋ ਰਹੀ। ਮੰਡੀ ’ਚ ਥਾਂ-ਥਾਂ ਕੂੜੇ-ਕਰਕਟ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਦੀ ਚੁਕਾਈ ਲਈ ਕੋਈ ਉਚਿਤ ਪ੍ਰਬੰਧ ਨਹੀਂ ਕੀਤਾ ਗਿਆ। ਮੰਡੀ ’ਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਖੇਤਾਂ ’ਚ ਖ਼ਰਾਬ ਹੋਈਆਂ ਫ਼ਸਲਾਂ ਕਾਰਨ ਦੁਖੀ ਸਨ ਅਤੇ ਹੁਣ ਮੰਡੀ ’ਚ ਆ ਕੇ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਮੰਡੀਆਂ ਦੀ ਸਫ਼ਾਈ ਲਈ ਲੱਖਾਂ ਰੁਪਏ ਦੇ ਫੰਡ ਜਾਰੀ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਹਕੀਕਤ ਵਿੱਚ ਮੰਡੀ ’ਚ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ।ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਇਸ ਸਮੱਸਿਆ ਦਾ ਹੱਲ ਕਰੇ ਅਤੇ ਮੰਡੀ ’ਚ ਪਾਣੀ, ਸਫ਼ਾਈ ਅਤੇ ਸੀਵਰੇਜ ਦਾ ਯੋਗ ਪ੍ਰਬੰਧ ਯਕੀਨੀ ਬਣਾਏ। ਸੈਕਟਰੀ ਮਾਰਕੀਟ ਕਮੇਟੀ ਦੀ ਹੈਰਾਨੀ ’ਤੇ ਹੋਈ ਹੈਰਾਨੀ ਜਦੋਂ ਸੈਕਟਰੀ ਮਾਰਕੀਟ ਕਮੇਟੀ ਅਨਿਲ ਕੁਮਾਰ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਤਾਂ ਉਨ੍ਹਾਂ ਹੈਰਾਨੀ ਜਾਹਿਰ ਕਰਦਿਆਂ ਕਿਹਾ ਕਿ ਸਫਾਈ ਤਾਂ ਫਸਲਾਂ ਆਉਣ ਤੋਂ ਪਹਿਲਾਂ ਹੀ ਹੋ ਜਾਂਦੀ ਹੈ। ਉਨ੍ਹਾਂ ਤੁਰੰਤ ਐਸਡੀਓ ਤੇ ਜੇਈ ਨੂੰ ਮੌਕਾ ਵੇਖਕੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਪਰ ਸੈਕਟਰੀ ਦੀ ਹੈਰਾਨੀ ਇਹ ਗੱਲ ਜਾਹਿਰ ਕਰਦੀ ਹੈ ਕਿ ਉਹ ਕਦੇ ਵੀ ਆਪਣੇ ਦਫਤਰ ਤੋਂ ਬਾਹਰ ਜਾ ਕੇ ਮੰਡੀ ਦਾ ਨਿਰੀਖਣ ਕਰਨ ਲਈ ਨਹੀਂ ਗਏ।