ਧਨਤੇਰਸ ਵਿਸ਼ੇਸ਼, ਯਮਰਾਜ ਦੇ ਨਮਿਤ ਦੱਖਣ ਵੱਲ ਮੂੰਹ ਕਰ ਕੇ ਦੀਪਦਾਨ ਕਰੋ ਅੱਜ : ਸੁਆਮੀ ਕਮਲਾਨੰਦ ਧਨਤੇਰਸ ਵਿਸ਼ੇਸ਼ ਧਨਤੇਰਸ ਵਿਸ਼ੇਸ਼
Publish Date: Thu, 05 Nov 2026 04:29 PM (IST)
Updated Date: Fri, 06 Nov 2026 04:03 AM (IST)
-ਸ੍ਰੀ ਰਾਮ ਭਵਨ ਵਿਖੇ ਸਲਾਨਾ ਕਾਰਤਿਕ ਮਹਾਉਤਸਵ ਦਾ 11ਵਾਂ ਦਿਨ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ਼੍ਰੀ ਵਿਭੂਸ਼ਿਤ 1008 ਮਹਾਮੰਡਲੇਵਰ ਸੁਆਮੀ ਕਮਲਾਨੰਦ ਗਿਰੀ ਨੇ ਕਾਰਤਿਕ ਮਹਾਤਮ ਸੁਣਾਉਂਦਿਆਂ ਕਿਹਾ ਕਿ ਭਗਵਾਨ ਧਨਵੰਤਰੀ ਦਾ ਜਨਮ ਉਤਸਵ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਮਨਾਇਆ ਜਾਂਦਾ ਹੈ। ਸਮੁੰਦਰ ਮੰਥਨ ਦੇ ਸਮੇਂ ਭਗਵਾਨ ਧਨਵੰਤਰੀ ਦਾ ਪ੍ਰਗਟ ਹੋਣਾ ਮੰਨਿਆ ਗਿਆ ਹੈ। ਦੇਵਤਿਆਂ ਅਤੇ ਦੈੱਤਾਂ ਵੱਲੋਂ ਸ਼ੀਰ ਸਾਗਰ ਦਾ ਮੰਥਨ ਕਰਦੇ ਸਮੇਂ ਭਗਵਾਨ ਧਨਵੰਤਰੀ ਸੰਸਾਰ ਦੇ ਸਮੂਹ ਰੋਗਾਂ ਦੀਆਂ ਔਸ਼ਧੀਆਂ ਨੂੰ ਕਲਸ਼ ’ਚ ਭਰ ਕੇ ਪ੍ਰਗਟ ਹੋਏ ਸਨ। ਉਸ ਦਿਨ ਤ੍ਰਯੋਦਸ਼ੀ ਸੀ, ਇਸ ਲਈ ਪੂਰੇ ਵਿਸ਼ਵ ’ਚ ਭਗਵਾਨ ਧਨਵੰਤਰੀ ਦਾ ਜਯੰਤੀ ਮਹਾਉਤਸਵ ਇਸੇ ਦਿਨ ਮਨਾਇਆ ਜਾਂਦਾ ਹੈ। ਖਾਸ ਕਰਕੇ ਆਯੁਰਵੇਦ ਦੇ ਵਿਦਵਾਨਾਂ ਅਤੇ ਵੈਦ ਸਮਾਜ ਵੱਲੋਂ ਹਰ ਪਾਸੇ ਭਗਵਾਨ ਧਨਵੰਤਰੀ ਦੀ ਮੂਰਤੀ ਸਥਾਪਤ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਪੂਜਨ ਸ਼ਰਧਾ ਭਗਤੀ ਨਾਲ ਕੀਤਾ ਜਾਂਦਾ ਹੈ ਅਤੇ ਲੰਬੀ ਉਮਰ ਅਤੇ ਤੰਦਰੁਸਤੀ ਲਈ ਮੰਗਲ ਕਾਮਨਾ ਕੀਤੀ ਜਾਂਦੀ ਹੈ। ਧਨਤੇਰਸ ਦੇ ਦਿਨ ਚਾਂਦੀ ਦਾ ਭਾਂਡਾ ਖਰੀਦਣਾ ਬਹੁਤ ਸ਼ੁਭ ਮੰਨਿਆ ਗਿਆ ਹੈ। ਉਨ੍ਹਾਂ ਇਹ ਵਿਚਾਰ ਟਿੱਬੀ ਸਾਹਿਬ ਰੋਡ ਸਥਿਤ ਸ਼੍ਰੀ ਰਾਮ ਭਵਨ ’ਚ ਆਯੋਜਿਤ ਸਲਾਨਾ ਕਾਰਤਿਕ ਮਹਾਉਤਸਵ ਦੇ 11ਵੇਂ ਦਿਨ ਵੱਡੀ ਗਿਣਤੀ ’ਚ ਮੌਜੂਦ ਸ਼ਰਧਾਲੂਆਂ ਨੂੰ ਮਹਾਤਮ ਸਰਵਣ ਕਰਵਾਉਂਦਿਆਂ ਪ੍ਰਗਟ ਕੀਤੇ। ਧਨਤੇਰਸ ਦੀ ਪੂਰਬ ਸੰਧਿਆ ਤੇ ਸ਼ਰਧਾਲੂਆਂ ਨੂੰ ਧਨਤੇਰਸ ਦਾ ਮਹੱਤਵ ਦੱਸਦਿਆਂ ਅੱਜ ਦੇ ਦਿਨ ਯਮਰਾਜ ਦੇ ਨਮਿਤ ਦੱਖਣ ਦਿਸ਼ਾ ਵੱਲ ਦੀਪਦਾਨ ਜ਼ਰੂਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਯਮੁਨਾ ਜੀ ਯਮਰਾਜ ਦੀ ਭੈਣ ਹੈ। ਇਸ ਲਈ ਧਨਤੇਰਸ ਦੇ ਦਿਨ ਯਮੁਨਾ ਇਸ਼ਨਾਨ ਦਾ ਬਹੁਤ ਵੱਡਾ ਮਹੱਤਵ ਹੈ। ਇਸ ਦੌਰਾਨ ਸੁਆਮੀ ਨੇ ਸ਼ਰਧਾਲੂਆਂ ਨੂੰ ਜਿੱਥੇ ਮਹਾਤਮ ਸਰਵਣ ਕਰਵਾਇਆ, ਉੱਥੇ ਹੀ ਭਜਨ ਗੰਗਾ ’ਚ ਵੀ ਡੁਬਕੀਆਂ ਲਗਵਾਈਆਂ। ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਪਹੁੰਚ ਕੇ ਸੁਆਮੀ ਕਮਲਾਨੰਦ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਜੀਵਨ ਸਫ਼ਲ ਬਣਾਇਆ। ਉਤਸਵ ਉਪਰੰਤ ਸ਼ਰਧਾਲੂ ਨਿੱਤ ਮਹਾਆਰਤੀ ਕਰਦੇ ਹਨ ਅਤੇ ਭਗਵਾਨ ਚਤੁਰਭੁਜ ਨਾਰਾਇਣ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ। ਉੱਥੇ ਹੀ ਏਕਾਦਸ਼ੀ ਮੌਕੇ ਸ਼ਰਧਾਲੂਆਂ ਨੇ ਭਗਵਾਨ ਚਤੁਰਭੁਜ ਨਾਰਾਇਣ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਅਨੇਕਾਂ ਸ਼ਰਧਾਲੂਆਂ ਨੇ ਵਰਤ ਵੀ ਰੱਖਿਆ। ਭਾਈ ਰਮਨ ਜੈਨ ਨੇ ਦੱਸਿਆ ਕਿ 06 ਨਵੰਬਰ ਤੋਂ ਖੁਸ਼ੀਆਂ ਨਾਲ ਭਰਪੂਰ ਤਿਉਹਾਰ ਸ਼ੁਰੂ ਹੋਣ ਜਾ ਰਹੇ ਹਨ। ਇਹ ਅਜਿਹੇ ਤਿਉਹਾਰ ਹਨ ਜਿਨ੍ਹਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ। ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਧਨਤੇਰਸ ਹੈ, ਜੋ 06 ਨਵੰਬਰ ਯਾਨੀ ਅੱਜ ਮਨਾਇਆ ਜਾਵੇਗਾ। 07 ਨਵੰਬਰ ਨੂੰ ਰੂਪ ਚੌਦਸ, ਛੋਟੀ ਦੀਪਾਵਲੀ ਮਨਾਈ ਜਾਵੇਗੀ। ਜਦਕਿ 08 ਨਵੰਬਰ ਨੂੰ ਕਾਰਤਿਕ ਮਹੀਨੇ ਦਾ ਸਭ ਤੋਂ ਅਹਿਮ ਤਿਉਹਾਰ ਦੀਵਾਲੀ ਧੂੰਮਧਾਮ ਨਾਲ ਮਨਾਇਆ ਜਾਵੇਗਾ। ਇਸ ਤੋਂ ਬਾਅਦ ਵਿਸ਼ਵਕਰਮਾ ਜੈਯੰਤੀ, ਗੋਵਰਧਨ ਪੂਜਾ, ਭਈਆ ਦੂਜ ਤਿਉਹਾਰ ਆਉਣਗੇ। ਇਸ ਲਈ ਸ਼ਰਧਾਲੂ ਇਨ੍ਹਾਂ ਛੇ ਦਿਨਾਂ ਉਤਸਵ ਪ੍ਰੋਗਰਾਮ ’ਚ ਵਧ-ਚੜ੍ਹ ਕੇ ਪਹੁੰਚਣ ਅਤੇ ਪੁੰਨ-ਲਾਭ ਕਮਾਉਣ।