ਸ਼੍ਰੀ ਰਾਮ ਭਵਨ ਵਿਖੇ ਸ਼੍ਰੀ ਗਣੇਸ਼ ਉਤਸਵ ’ਚ ਉਮੜੇ ਸ਼ਰਧਾਲੂ ਸ਼੍ਰੀ ਰਾਮ ਭਵਨ ਵਿਖੇ ਸ਼੍ਰੀ ਗਣੇਸ਼ ਉਤਸਵ ’ਚ ਉਮੜੇ ਸ਼ਰਧਾਲੂ
Publish Date: Mon, 14 Sep 2026 04:02 PM (IST)
Updated Date: Mon, 14 Sep 2026 04:05 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਟਿੱਬੀ ਸਾਹਿਬ ਰੋਡ ਸਥਿਤ ਸ਼੍ਰੀ ਰਾਮ ਭਵਨ ਵਿਖੇ ਹਰ ਸਾਲ ਵਾਂਗ ਇਸ ਵਾਰ ਵੀ ਸ਼੍ਰੀ ਗਣੇਸ਼ ਉਤਸਵ ਸ਼ਰਧਾ-ਭਾਵ ਅਤੇ ਧੂੰਮਧਾਮ ਨਾਲ ਮਨਾਇਆ ਗਿਆ। ਸੋਮਵਾਰ ਨੂੰ ਭਾਈ ਰਮਨ ਜੈਨ ਦੀ ਅਗਵਾਈ ਹੇਠ ਸਵੇਰੇ ਗਿਆਰਾਂ ਤੋਂ ਕਰੀਬ ਸਾਢੇ ਬਾਰਾਂ ਵਜੇ ਤੱਕ ਆਯੋਜਿਤ ਸ਼੍ਰੀ ਗਣੇਸ਼ ਉਤਸਵ ’ਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਉਮੜ ਪਏ। ਸ਼ਰਧਾਲੂਆਂ ਨੇ ਜਿੱਥੇ ਭਜਨ ਗੰਗਾ ’ਚ ਖੂਬ ਡੁਬਕੀਆਂ ਲਗਾਈਆਂ, ਉੱਥੇ ਹੀ ਸ਼੍ਰੀ ਗਣੇਸ਼ ਜੀ ਮਹਾਰਾਜ ਨੂੰ 1000 ਤੋਂ ਵੀ ਵੱਧ ਲੱਡੂਆਂ ਦਾ ਭੋਗ ਲਗਾਇਆ ਗਿਆ। ਭਾਈ ਰਮਨ ਜੈਨ ਨੇ ਸ਼ਰਧਾਲੂਆਂ ਨੂੰ ਸ਼੍ਰੀ ਗਣੇਸ਼ ਸਹਸ੍ਰਨਾਮਸਤੋਤਰ ਦਾ ਜਾਪ ਵੀ ਕਰਵਾਇਆ। ਇਸਦੇ ਨਾਲ ਹੀ ਪ੍ਰਵਚਨਾਂ ਦੀ ਅੰਮ੍ਰਿਤਵਰਖਾ ਦੌਰਾਨ ਭਾਈ ਰਮਨ ਜੈਨ ਨੇ ਸ਼ਰਧਾਲੂਆਂ ਨੂੰ ਸ਼੍ਰੀ ਗਣੇਸ਼ ਚਤੁਰਥੀ ਨੂੰ ਲੈ ਕੇ ਪ੍ਰਚਲਿਤ ਕਥਾ ਵੀ ਸੁਣਾਈ। ਉਨ੍ਹਾਂ ਦੱਸਿਆ ਕਿ ਸ਼੍ਰੀ ਗਣੇਸ਼ ਚਤੁਰਥੀ ਦੇ ਦਿਨ ਚੰਦਰਦੇਵ ਦੇ ਦਰਸ਼ਨ ਕਰਨ ਦੀ ਮਨਾਹੀ ਹੁੰਦੀ ਹੈ। ਜੇਕਰ ਗਲਤੀ ਨਾਲ ਚੰਦਰਮਾ ਦੇ ਦਰਸ਼ਨ ਹੋ ਜਾਣ ਤਾਂ ਬਹੁਤ ਵੱਡਾ ਕਲੰਕ ਲੱਗ ਜਾਂਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਵੀ ਇੱਕ ਵਾਰ ਇਹ ਕਲੰਕ ਲੱਗ ਗਿਆ ਸੀ ਕਿ ਉਨ੍ਹਾਂ ਨੇ ਸਮੰਤਕ ਮਣੀ ਚੁਰਾਈ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਤੇ ਮਣੀ ਚੋਰੀ ਕਰਨ ਅਤੇ ਪ੍ਰਸੇਨ ਦੀ ਹੱਤਿਆ ਕਰਨ ਦਾ ਦੋਸ਼ ਲੱਗ ਗਿਆ ਸੀ। ਬਾਅਦ ਵਿੱਚ ਸ਼੍ਰੀ ਕ੍ਰਿਸ਼ਨ ਨੇ ਮਣੀ ਲੱਭ ਕੇ ਰਾਜਾ ਸਤਰਾਜਿਤ ਨੂੰ ਵਾਪਸ ਸੌਂਪੀ ਅਤੇ ਖ਼ੁਦ ਨੂੰ ਬੇਕਸੂਰ ਸਾਬਤ ਕੀਤਾ ਸੀ। ਉਤਸਵ ਦੇ ਯਜ਼ਮਾਨ ਚਾਂਦ ਬਾਂਸਲ ਪੁੱਤਰ ਪਵਨ-ਪ੍ਰਵੀਨ ਬਾਂਸਲ ਪੋਤਰੇ ਸਨੇਹਲਤਾ ਬਾਂਸਲ (ਰੰਗ ਵਾਲੇ) ਸਨ, ਜਿਨ੍ਹਾਂ ਨੇ ਬਤੌਰ ਮੁੱਖ ਯਜ਼ਮਾਨ ਪੂਜਾ ਵਿੱਚ ਹਿੱਸਾ ਲਿਆ। ਜਦਕਿ ਪੂਜਾ ਪੁਜਾਰੀ ਪੰ. ਬੁੱਧ ਪ੍ਰਕਾਸ਼ ਨੇ ਕਰਵਾਈ। ਮੰਦਰ ਦਾ ਵਿਹੜਾ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਨੱਥੂ ਰਾਮ ਗੋਇਲ, ਰਾਜਕੁਮਾਰ ਗੋਇਲ, ਨਰਿੰਦਰ ਗੁਪਤਾ, ਰਾਜੇਸ਼ ਗੋਇਲ, ਦਵਿੰਦਰ ਤਾਇਲ, ਧਰਮਪਾਲ ਗਾਵੜੀ, ਤਿਮਰ ਧਵਜ ਗਰਗ, ਰਾਜਕੁਮਾਰ ਚਗਤੀ, ਜਗਦੀਸ਼ ਚੰਦਰ ਜੋਸ਼ੀ, ਦੀਪੂ ਬਾਂਸਲ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।