ਸ਼ਿਆਮ ਪ੍ਰਭੂ ਦੇ ਭਜਨਾਂ 'ਤੇ ਝੂਮੇ ਸ਼ਿਆਮ ਪ੍ਰੇਮੀ ਸ਼ਿਆਮ ਪ੍ਰਭੂ ਦੇ ਭਜਨਾਂ 'ਤੇ ਝੂਮੇ ਸ਼ਿਆਮ ਪ੍ਰੇਮੀ
Publish Date: Fri, 20 Nov 2026 03:59 PM (IST)
Updated Date: Sat, 21 Nov 2026 04:01 AM (IST)
ਟਿੱਬੀ ਸਾਹਿਬ ਗਊਸ਼ਾਲਾ ਵਿਖੇ ਸ਼ਿਆਮ ਪ੍ਰੇਮੀਆਂ ਵੱਲੋਂ ਇਕਾਦਸ਼ੀ ਦੇ ਸਬੰਧ ’ਚ ਸ੍ਰੀ ਸ਼ਿਆਮ ਸੰਕੀਰਤਨ ਧੂਮਧਾਮ ਨਾਲ ਮਨਾਇਆ ਗਿਆ ਸ੍ਰੀ ਸ਼ਿਆਮ ਪ੍ਰਭੂ ਦਾ ਜਨਮ ਉਤਸਵ ਮਹਾਮੰਡਲੇਸ਼ਵਰ ਸਵਾਮੀ ਸ੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਵਿਸ਼ੇਸ਼ ਤੌਰ ’ਤੇ ਪਹੁੰਚੇ ਭਗਤਾਂ ਨੂੰ ਆਸ਼ੀਰਵਾਦ ਦੇਣ ਮਹਾਰਾਜ ਜੀ ਦਾ ਹੋਇਆ ਸ਼ਾਨਦਾਰ ਸਵਾਗਤ ਪੰਜਾਬੀ ਜਾਗਰਣ, ਰਿਪੋਰਟਰ ਸ੍ਰੀ ਮੁਕਤਸਰ ਸਾਹਿਬ : ਟਿੱਬੀ ਸਾਹਿਬ ਰੋਡ ਸਥਿਤ ਗਊਸ਼ਾਲਾ ਵਿਖੇ ਵੀਰਵਾਰ ਰਾਤ ਨੂੰ ਸ਼ਿਆਮ ਪ੍ਰੇਮੀਆਂ ਵੱਲੋਂ ਸ੍ਰੀ ਸ਼ਿਆਮ ਜਨਮ ਉਤਸਵ ਦੇ ਸਬੰਧ ’ਚ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਸੰਕੀਰਤਨ ਕਰਵਾਇਆ ਗਿਆ। ਜਿਸ ’ਚ ਪ੍ਰਭੂ ਇੱਛਾ ਤੱਕ ਵੱਡੀ ਗਿਣਤੀ ’ਚ ਉਮੜੇ ਸ਼ਰਧਾਲੂ ਸ੍ਰੀ ਸ਼ਿਆਮ ਬਾਬਾ ਦੇ ਭਜਨਾਂ ’ਤੇ ਝੂੰਮਦੇ ਰਹੇ। ਉਤਸਵ ਮੌਕੇ ਦੇਵਭੂਮੀ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਸ੍ਰੀ ਕਮਲਾਨੰਦ ਗਿਰੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਜਿੱਥੇ ਸ਼ਿਆਮ ਪ੍ਰੇਮੀਆਂ ਨੂੰ ਆਸ਼ੀਰਵਾਦ ਦਿੱਤਾ, ਉੱਥੇ ਹੀ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕਰਦਿਆਂ ਸ੍ਰੀ ਸ਼ਿਆਮ ਪ੍ਰਭੂ ਦੇ ਜੀਵਨ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਲਯੁਗ ’ਚ ਸ਼ਿਆਮ ਬਾਬਾ ਅਤੇ ਵੀਰ ਹਨੂੰਮਾਨ ਸਾਖਸ਼ਾਤ ਅਜਿਹੇ ਦੇਵ ਹਨ ਜੋ ਸਭ ’ਤੇ ਉਪਕਾਰ ਕਰ ਰਹੇ ਹਨ। ਵੀਰ ਹਨੂੰਮਾਨ ਅਤੇ ਸ਼ਿਆਮ ਬਾਬਾ ਦੇ ਨਾਮ ਦਾ ਡੰਕਾ ਕਲਯੁਗ ’ਚ ਵੀ ਵੱਜਦਾ ਹੈ, ਜੋ ਵੀ ਭਗਤ ਕਿਸੇ ਬਿਪਤਾ ਜਾਂ ਮੁਸ਼ਕਿਲ ’ਚ ਹੈ, ਬੱਸ ਇਨ੍ਹਾਂ ਦੀ ਸ਼ਰਨ ’ਚ ਚਲਾ ਜਾਵੇ, ਉਸ ਦੀਆਂ ਸਾਰੀਆਂ ਬਿਪਤਾਵਾਂ ਇਹ ਦੋਵੇਂ ਦੇਵਤਾ ਤੁਰੰਤ ਹਰ ਲੈਂਦੇ ਹਨ। ਇਸ ਮੌਕੇ ਮਹਾਰਾਜ ਦੇ ਨਾਲ ਪਹੁੰਚੇ ਭਾਈ ਰਮਨ ਜੈਨ ਨੇ ਸ਼ਰਧਾਲੂਆਂ ਨੂੰ ਸ੍ਰੀ ਸ਼ਿਆਮ ਪ੍ਰਭੂ ਦੇ ਭਜਨ ਸੁਣਾ ਕੇ ਮੰਤਰ-ਮੁਗਧ ਕਰ ਦਿੱਤਾ। ਸ਼ਿਆਮ ਪ੍ਰੇਮੀਆਂ ਅਤੇ ਗਊਸ਼ਾਲਾ ਕਮੇਟੀ ਵੱਲੋਂ ਮਹਾਰਾਜ ਦੇ ਸੰਕੀਰਤਨ ਮੌਕੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗਊਸ਼ਾਲਾ ਦਾ ਵਿਹੜਾ ਸ੍ਰੀ ਸ਼ਿਆਮ ਪ੍ਰਭੂ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਹ ਸੰਕੀਰਤਨ ਸ੍ਰੀ ਸ਼ਿਆਮ ਜਨਮ ਉਤਸਵ ਦੇ ਸਬੰਧ ’ਚ ਆਯੋਜਿਤ ਕਰਵਾਇਆ ਗਿਆ ਸੀ, ਜਿਸ ’ਚ ਦੇਰ ਰਾਤ ਤੱਕ ਸ਼ਿਆਮ ਪ੍ਰੇਮੀ ਸ਼ਿਆਮ ਬਾਬਾ ਦੇ ਰੰਗ ’ਚ ਰੰਗੇ ਭਜਨਾਂ ’ਤੇ ਝੂਮਦੇ ਰਹੇ। ਸ਼ਿਆਮ ਜਨਮ ਉਤਸਵ ਮੌਕੇ ਸ੍ਰੀ ਹਨੂੰਮਾਨ ਚਾਲੀਸਾ ਮੰਡਲ, ਸ੍ਰੀ ਰਾਮ ਭਵਨ ਸਮੇਤ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੈਂਬਰਾਂ ਨੇ ਵੀ ਪਹੁੰਚ ਕੇ ਸ੍ਰੀ ਸ਼ਿਆਮ ਬਾਬਾ ਦੇ ਦਰਬਾਰ ’ਚ ਹਾਜ਼ਰੀ ਲਗਵਾਈ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਰਧਾਲੂ ਭਗਤਾਂ ਨੇ ਰਲ-ਮਿਲ ਕੇ ਉਤਸਵ ਮਨਾਇਆ ਹੈ..., ਹਾਰਾ ਹੂੰ ਬਾਬਾ ਪਰ ਤੁਝਪੇ ਭਰੋਸਾ ਹੈ..., ਤੁਮ੍ਹਾਰੀ ਸ਼ਰਨ ਮਿਲ ਗਈ ਸਾਂਵਰੇ..., ਤੂੰ ਕ੍ਰਿਪਾ ਕਰ ਬਾਬਾ, ਕੀਰਤਨ ਕਰਵਾਊਂਗਾ... ਆਦਿ ਭਜਨਾਂ ਤੇ ਭਾਵ-ਵਿਭੋਰ ਹੋ ਉੱਠੇ। ਸ਼੍ਰੀ ਸ਼ਿਆਮ ਪ੍ਰਭੂ ਦੇ ਦਰਬਾਰ ਦਾ ਕੀਤਾ ਗਿਆ ਸ਼ਾਨਦਾਰ ਸ਼ਿੰਗਾਰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਉੱਥੇ ਹੀ ਅਖੰਡ ਜੋਤ ਵੀ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਰਹੀ, ਜਿਸ ਦੇ ਦਰਸ਼ਨਾਂ ਲਈ ਸ਼ਰਧਾਲੂ ਕਤਾਰਾਂ ਚ ਲੱਗੇ ਨਜ਼ਰ ਆ ਰਹੇ ਸਨ। ਸ਼ਿਆਮ ਪ੍ਰੇਮੀ ਪ੍ਰਬੰਧਕਾਂ ਅਤੇ ਗਊਸ਼ਾਲਾ ਕਮੇਟੀ ਵੱਲੋਂ ਮਹਾਰਾਜ ਜੀ ਨੂੰ ਗਊਸ਼ਾਲਾ ਸੰਕੀਰਤਨ ਮੌਕੇ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ ਅਤੇ ਮਹਾਰਾਜ ਜੀ ਤੋਂ ਆਸ਼ੀਰਵਾਦ ਲਿਆ ਗਿਆ। ਇਸ ਮੌਕੇ ਮਨੂੰ ਭਟੇਜਾ, ਸਾਹਿਲ ਕਾਠਪਾਲ, ਸੋਨੀ ਜੈਨ, ਸੋਨੂੰ ਗਰਗ, ਰਾਜੀਵ ਵਾਟਸ, ਵਿਕਰਾਂਤ ਚੌਹਾਨ, ਵੀਨੂੰ ਗਰਗ, ਨੱਥੂ ਰਾਮ ਗੋਇਲ, ਡਾ. ਸੁਭਾਸ਼ ਖੁਰਾਣਾ, ਅਨਿਲ ਵਾਟਸ, ਦਵਿੰਦਰ ਤਾਇਲ, ਵਰੁਣ ਕਟਾਰੀਆ, ਵਰੁਣ ਭਾਟੀਆ, ਪੰਕਜ ਭਾਟੀਆ, ਸੋਨੂੰ ਨਾਗਪਾਲ, ਅਮਨ ਵਾਟਸ, ਹਰੀਸ਼ ਜੋਸ਼ੀ, ਸੰਦੀਪ ਬਜਾਜ, ਰਾਜ ਗੋਇਲ, ਸੁਰਿੰਦਰ ਕੁਮਾਰ ਜੱਟੂ, ਰੋਮੀ ਗੁਗਲਾਨੀ, ਰਾਜਪਾਲ, ਲਲਿਤ ਸ਼ਰਮਾ, ਚਰਨਜੀਤ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।