ਕੰਮ ਮੁੜ ਸ਼ੁਰੂ ਕਰਵਾਉਣ ਤੇ ਦਿਹਾੜੀ 1000 ਰੁਪਏ ਕਰਨ ਦੀ ਮੰਗ ਕੰਮ ਮੁੜ ਸ਼ੁਰੂ ਕਰਵਾਉਣ ਤੇ ਦਿਹਾੜੀ 1000 ਰੁਪਏ ਕਰਨ ਦੀ ਮੰਗ
Publish Date: Tue, 17 Nov 2026 03:55 PM (IST)
Updated Date: Tue, 17 Nov 2026 03:57 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਿੰਡ ਬਾਂਮ ਵਿਖੇ ਨਰੇਗਾ ਮਜ਼ਦੂਰਾਂ ਦੀ ਮੀਟਿੰਗ ਹੋਈ ਜਿਸ ਨੂੰ ਗੁਰਤੇਜ ਸਿੰਘ ਬਾਂਮ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਰੇਗਾ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਸਬੰਧੀ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਗੁਰਤੇਜ ਸਿੰਘ ਬਾਂਮ ਨੇ ਦੱਸਿਆ ਕਿ ਪਿੰਡ ਬਾਂਮ ’ਚ 10 ਨਵੰਬਰ 2026 ਤੋਂ ਨਰੇਗਾ ਦਾ ਕੰਮ ਬੰਦ ਪਿਆ ਹੈ, ਜਿਸ ਕਾਰਨ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰੇਗਾ ਮਜ਼ਦੂਰ ਗਰੀਬ ਤੇ ਮਿਹਨਤਕਸ਼ ਪਰਿਵਾਰਾਂ ਨਾਲ ਸਬੰਧਿਤ ਹਨ ਤੇ ਉਨ੍ਹਾਂ ਦਾ ਗੁਜ਼ਾਰਾ ਇਸੇ ਦਿਹਾੜੀ ਤੇ ਨਿਰਭਰ ਕਰਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਤੁਰੰਤ ਦਖ਼ਲ ਦੇ ਕੇ ਪਿੰਡ ਬਾਂਮ ’ਚ ਨਰੇਗਾ ਦਾ ਕੰਮ ਮੁੜ ਸ਼ੁਰੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਨਰੇਗਾ ਮਜ਼ਦੂਰਾਂ ਨੂੰ 360 ਰੁਪਏ ਦਿਹਾੜੀ ਦਿੱਤੀ ਜਾ ਰਹੀ ਹੈ, ਜੋ ਅੱਜ ਦੀ ਮਹਿੰਗਾਈ ਦੇ ਦੌਰ ਵਿੱਚ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕਾਫ਼ੀ ਨਹੀਂ ਹੈ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਧਾ ਕੇ 1000 ਰੁਪਏ ਕੀਤੀ ਜਾਵੇ ਤੇ ਮਜ਼ਦੂਰਾਂ ਨੂੰ ਸਾਲ ਵਿੱਚ ਸਿਰਫ਼ ਸੀਮਤ ਦਿਨਾਂ ਦੀ ਬਜਾਏ ਲਗਾਤਾਰ 200 ਦਿਨ ਕੰਮ ਦਿੱਤਾ ਜਾਵੇ ਤਾਂ ਜੋ ਮਜ਼ਦੂਰ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਸਨਮਾਨਜਨਕ ਢੰਗ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਕਈ ਨਰੇਗਾ ਮਜ਼ਦੂਰਾਂ ਨੂੰ ਅਜੇ ਤੱਕ ਉਨ੍ਹਾਂ ਵੱਲੋਂ ਕੀਤੇ ਕੰਮ ਦੇ ਮਸਟੋਲਾਂ ਦੀ ਅਦਾਇਗੀ ਨਹੀਂ ਹੋਈ। ਇਸ ਕਾਰਨ ਮਜ਼ਦੂਰ ਆਰਥਿਕ ਤੰਗੀ ’ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਮਜ਼ਦੂਰਾਂ ਦੇ ਪੈਸੇ ਬਕਾਇਆ ਹਨ, ਉਨ੍ਹਾਂ ਦੀ ਅਦਾਇਗੀ ਬਿਨਾਂ ਕਿਸੇ ਦੇਰੀ ਦੇ ਜਲਦ ਤੋਂ ਜਲਦ ਕੀਤੀ ਜਾਵੇ। ਗੁਰਤੇਜ ਸਿੰਘ ਬਾਂਮ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਜ਼ਦੂਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਬਾਂਮ ’ਚ ਨਰੇਗਾ ਦਾ ਕੰਮ ਤੁਰੰਤ ਚਾਲੂ ਕਰਵਾਇਆ ਜਾਵੇ, ਦਿਹਾੜੀ ’ਚ ਵਾਧਾ ਕੀਤਾ ਜਾਵੇ ਤੇ ਬਕਾਇਆ ਰਕਮ ਜਾਰੀ ਕੀਤੀ ਜਾਵੇ। ਇਸ ਮੀਟਿੰਗ ’ਚ ਜਗਦੀਸ਼ ਕੁਮਾਰ, ਸਰਦੂਲ ਸਿੰਘ, ਸੇਵਾ ਸਿੰਘ, ਸਵਰਨਜੀਤ ਸਿੰਘ, ਜਸਵੀਰ ਸਿੰਘ, ਬਖਤੌਰ ਸਿੰਘ, ਬਲਦੇਵ ਸਿੰਘ, ਬੋਹੜ ਸਿੰਘ, ਗੁਰਦਾਸ ਸਿੰਘ, ਮੋਰ ਸਿੰਘ ਤੇ ਬਲਵੀਰ ਰਾਮ ਸਮੇਤ ਵੱਡੀ ਗਿਣਤੀ ’ਚ ਮਜ਼ਦੂਰ ਹਾਜ਼ਰ ਸਨ। ਔਰਤਾਂ ’ਚੋਂ ਸਜਵੰਤ ਕੌਰ, ਜਸਵੀਰ ਕੌਰ ਤੇ ਗੁਰਮੀਤ ਕੌਰ ਸਮੇਤ ਹੋਰ ਮਹਿਲਾ ਮਜ਼ਦੂਰਾਂ ਨੇ ਵੀ ਮੀਟਿੰਗ ’ਚ ਸ਼ਮੂਲੀਅਤ ਕੀਤੀ।