ਮੇਲਾ ਮਾਘੀ ਟਿਕਟ ਮੁਕਤ ਕਰਨ ਤੇ ਸਮਾਂ ਘਟਾਉਣ ਦੀ ਮੰਗ ਜਾਰੀ ਮੇਲਾ ਮਾਘੀ ਟਿਕਟ ਮੁਕਤ ਕਰਨ ਤੇ ਸਮਾਂ ਘਟਾਉਣ ਦੀ ਮੰਗ ਲਗਾਤਾਰ ਜਾਰੀ
Publish Date: Thu, 26 Nov 2026 06:15 PM (IST)
Updated Date: Fri, 27 Nov 2026 04:08 AM (IST)
-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਦਿੱਤੇ ਮੰਗ ਪੱਤਰ ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਫਰਵਰੀ ਤੱਕ ਚੱਲਣ ਵਾਲਾ ਮੰਨੋਰਜੰਨ ਮੇਲਾ ਮਾਘੀ ਅਤੇ ਅਪਰੈਲ ਤੱਕ ਚੱਲਣ ਵਾਲਾ ਮੇਲਾ ਬਜ਼ਾਰ ਸ਼ਹਿਰ ਵਾਸੀਆਂ, ਵਿਦਿਆਰਥੀਆਂ, ਰਾਹਗੀਰਾਂ, ਮਰੀਜ਼ਾਂ ਅਤੇ ਆਵਾਜਾਈ ਲਈ ਡਾਢੀ ਮੁਸੀਬਤ ਬਣਿਆ ਹੋਇਆ ਹੈ। ਇਸ ਸਬੰਧੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਸਵੀਰ ਸਿੰਘ ਥਾਂਦੇਵਾਲਾ, ਬੇਅੰਤ ਸਿੰਘ, ਤਰਸੇਮ ਸਿੰਘ, ਸੱਤਪਾਲ ਸਿੰਘ, ਚਰਨਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਹੋਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਨਰਿੰਦਰ ਸਿੰਘ ਧਾਲੀਵਾਲ ਨੂੰ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਤੋਂ ਮੇਲਾ ਮਾਘੀ ਦੌਰਾਨ ਮਲੋਟ ਰੋਡ ਉਪਰ ਲੱਗਣ ਵਾਲੀਆਂ ਦੁਕਾਨਾਂ ਜਨਵਰੀ, ਫਰਵਰੀ ਤੇ ਮਾਰਚ ਮਹੀਨੇ ਤੱਕ ਲੱਗਦੀਆਂ ਹਨ। ਇਸ ਕਰਕੇ ਲੋਕਾਂ ਨੂੰ ਆਉਣ ਜਾਣ ’ਚ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਕਈ ਵਾਰ ਤਾਂ ਮਰੀਜ਼ ਭੀੜ ’ਚ ਫਸ ਜਾਂਦੇ ਹਨ ਤੇ ਉਨ੍ਹਾਂ ਦੀ ਜਾਨ ’ਤੇ ਮੁਸੀਬਤ ਬਣ ਜਾਂਦੀ ਹੈ। ਮੇਲਾ ਮਾਘੀ ਦੇ ਮੰਨੋਰੰਜਨ ਮੇਲੇ ’ਚ ਦਾਖਲ ਹੋਣ ਦੀ ਟਿਕਟ ਵੀ ਮੁਆਫ ਕੀਤੀ ਜਾਵੇ ਕਿਉਂਕਿ ਇਹ ਟਿਕਟ ਗਰੀਬ ਪਰਿਵਾਰਾਂ ਨੂੰ ਭਾਰੀ ਆਰਥਿਕ ਬੋਝ ਹੈ। ਉਨ੍ਹਾਂ ਦੱਸਿਆ ਕਿ ਧਾਰਮਿਕ ਮੇਲਾ ਮਾਘੀ 3 ਦਿਨ ਦਾ ਹੁੰਦਾ ਹੈ ਇਸ ਲਈ ਮੇਲਾ ਮਾਘੀ ਦਾ ਬਜ਼ਾਰ ਵੀ ਵੱਧ ਤੋਂ ਵੱਧ 15 ਦਿਨ ਦਾ ਕੀਤਾ ਜਾਵੇ। ਤਾਂ ਜੋ ਲੋਕਾਂ ਖਾਸ ਤੌਰ ਤੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਮੇਲਾ ਮਾਘੀ ਦੌਰਾਨ ਮਲੋਟ ਰੋਡ ਉਪਰ ਭਾਰੀ ਭੀੜ ਹੋਣ ਕਰਕੇ ਜੇਬ ਕਤਰੇ ਤੇ ਚੋਰੀਆਂ ਵਾਲੇ ਸਰਗਰਮ ਹੋ ਜਾਂਦੇ ਹਨ, ਉਨ੍ਹਾਂ ਨੂੰ ਨੱਥ ਪਾਉਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਵਧੀਕ ਡਿਪਟੀ ਕਮਿਸ਼ਨਰ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆਉਣਗੇ।