ਮੁਕਤਸਰ ਤੋਂ ਹਰਿਦੁਆਰ ਤੇ ਦਿੱਲੀ ਲਈ ਸਿੱਧੀਆਂ ਰੇਲ ਗੱਡੀਆਂ ਚਲਾਉਣ ਦੀ ਮੰਗ ਨੂੰ ਹੁੰਗਾਰਾ ਮੁਕਤਸਰ ਤੋਂ ਹਰਿਦੁਆਰ ਤੇ ਦਿੱਲੀ ਲਈ ਸਿੱਧੀਆਂ ਰੇਲ ਗੱਡੀਆਂ ਚਲਾਉਣ ਦੀ ਮੰਗ ਨੂੰ ਮਿਲਿਆ ਹੁੰਗਾਰਾ
Publish Date: Fri, 30 Oct 2026 05:40 PM (IST)
Updated Date: Fri, 30 Oct 2026 05:43 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਰੇਲ ਸਫ਼ਰ ਦੀ ਬਿਹਤਰ ਸਹੂਲਤ ਮੁਹੱਈਆ ਕਰਵਾਉਣ ਲਈ ਫਾਜ਼ਿਲਕਾ ਤੋਂ ਵਾਇਆ ਮੁਕਤਸਰ ਹੁੰਦੇ ਹੋਏ ਹਰਿਦੁਆਰ ਅਤੇ ਦਿੱਲੀ ਲਈ ਨਵੀਆਂ ਰੇਲ ਗੱਡੀਆਂ ਚਲਾਉਣ ਦੀ ਮੰਗ ਸਬੰਧੀ ਰੇਲਵੇ ਪੱਧਰ ’ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਰੇਲਵੇ ਬੋਰਡ ਵੱਲੋਂ 27 ਅਕਤੂਬਰ ਨੂੰ ਜਾਰੀ ਪੱਤਰ ਅਨੁਸਾਰ, ਸਬੰਧਤ ਅਧਿਕਾਰੀਆਂ ਨੂੰ ਪ੍ਰਸਤਾਵਿਤ ਰੇਲ ਸੇਵਾਵਾਂ ਦੀ ਵਿਵਹਾਰਕਤਾ ਦੀ ਜਾਂਚ ਕਰਨ ਅਤੇ ਉਨ੍ਹਾਂ ਦੀ ਸਮਾਂ-ਸਾਰਣੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਭਵਿੱਖ ਵਿੱਚ ਬਿਹਤਰ ਰੇਲ ਸਹੂਲਤਾਂ ਮਿਲਣ ਦੀ ਉਮੀਦ ਜਾਗੀ ਹੈ। ਰੇਲਵੇ ਬੋਰਡ ਨੇ ਫਾਜ਼ਿਲਕਾ ਤੋਂ ਹਰਿਦੁਆਰ ਤੱਕ ਵਾਇਆ ਮੁਕਤਸਰ, ਕੋਟਕਪੂਰਾ ਅਤੇ ਬਠਿੰਡਾ ਨਵੀਂ ਰੇਲ ਗੱਡੀ ਚਲਾਉਣ ਦੀ ਸੰਭਾਵਨਾ ਦੀ ਜਾਂਚ ਕਰਨ ਲਈ ਕਿਹਾ ਹੈ। ਇਸੇ ਤਰ੍ਹਾਂ ਫਾਜ਼ਿਲਕਾ ਤੋਂ ਨਵੀਂ ਦਿੱਲੀ ਤੱਕ ਵਾਇਆ ਮੁਕਤਸਰ, ਕੋਟਕਪੂਰਾ, ਬਠਿੰਡਾ, ਮਾਨਸਾ ਅਤੇ ਰੋਹਤਕ ਨਵੀਂ ਰੇਲ ਸੇਵਾ ਸ਼ੁਰੂ ਕਰਨ ਦੇ ਪ੍ਰਸਤਾਵ ’ਤੇ ਵੀ ਵਿਸਥਾਰਪੂਰਵਕ ਰਿਪੋਰਟ ਅਤੇ ਸਮਾਂ-ਸਾਰਣੀ ਮੰਗੀ ਗਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ-ਸਾਹਨੇਵਾਲ ਰੇਲ ਗੱਡੀ ਨੰਬਰ 14614/14613 ਦਾ ਫਾਜ਼ਿਲਕਾ ਤੱਕ ਵਿਸਥਾਰ ਕਰਨ ਦੀ ਸੰਭਾਵਨਾ ’ਤੇ ਵੀ ਵਿਚਾਰ ਕਰਨ ਲਈ ਕਿਹਾ ਗਿਆ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਅਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਰਵਿੰਦ ਪਠੇਲਾ ਵੱਲੋਂ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਕੋਲ ਇਹ ਮੰਗ ਉਠਾਈ ਗਈ ਸੀ। ਇਸ ਸਬੰਧੀ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਮੰਡਲ ਦੇ ਡੀਆਰਐਮ ਸੰਜੀਵ ਕੁਮਾਰ ਨਾਲ ਵੀ ਮੁਲਾਕਾਤ ਕਰਕੇ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ ਸੀ। ਡੀਆਰਐਮ ਨੇ ਵਫ਼ਦ ਨੂੰ ਮੰਗਾਂ ’ਤੇ ਜਲਦੀ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ। ਕੁਲਦੀਪ ਸਿੰਘ ਭੰਗੇਵਾਲਾ ਅਤੇ ਅਰਵਿੰਦ ਪਠੇਲਾ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਬੋਰਡ ਦਾ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਮੁਕਤਸਰ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਜਲਦੀ ਪੂਰੀ ਹੋਵੇਗੀ।