- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪੁੱਟੀਆਂ ਸੜਕਾਂ ਦੀ ਮੁਰੰਮਤ ਦੀ ਮੰਗ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਮੌਸਮ ਦੀ ਨਾਰਾਜ਼ਗੀ ਕਾਰਨ ਇਸ ਵਾਰ ਝੋਨੇ ਦੀ ਫਸਲ ਦੀ ਆਮਦ ਕੁਝ ਦੇਰੀ ਨਾਲ ਹੋ ਰਹੀ ਹੈ। ਇਸੇ ਦੌਰਾਨ ਸ਼ਹਿਰ ’ਚ ਚੱਲ ਰਹੇ ਵਿਕਾਸ ਕਾਰਜਾਂ ਕਾਰਨ ਪੁੱਟੀਆਂ ਸੜਕਾਂ ਦੀ ਮੌਜੂਦਾ ਹਾਲਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਚਿੰਤਾ ਪ੍ਰਗਟ ਕੀਤੀ ਹੈ। ਹਨੀ ਫੱਤਣਵਾਲਾ ਨੇ ਪ੍ਰਸ਼ਾਸਨ ਤੋਂ ਕੋਟਕਪੂਰਾ ਰੋਡ ਤੋਂ ਬੂੜਾ ਗੁੱਜਰ ਰੋਡ ਤੱਕ ਸੜਕ ਦੀ ਜਲਦ ਮੁਰੰਮਤ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੜਕ ’ਤੇ ਥਾਂ-ਥਾਂ ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ਲੰਘਣ ’ਚ ਮੁਸ਼ਕਲਾਂ ਆ ਸਕਦੀਆਂ ਹਨ। ਉਨ੍ਹਾਂ ਖਾਸ ਤੌਰ ’ਤੇ ਬੂੜਾ ਗੁੱਜਰ ਰੋਡ ’ਤੇ ਰਜਬਾਹੇ ਦੇ ਨਵੇਂ ਬਣੇ ਪੁਲ ਦੀ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲ ਦੇ ਦੋਵੇਂ ਪਾਸਿਆਂ ਤੋਂ ਸਰੀਏ ਬਾਹਰ ਨਿਕਲੇ ਹੋਏ ਹਨ। ਉਨ੍ਹਾਂ ਅਨੁਸਾਰ ਇਸ ਕਾਰਨ ਵਾਹਨਾਂ ਦੇ ਟਾਇਰ ਨੁਕਸਾਨੇ ਜਾਣ ਅਤੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਹਨੀ ਫੱਤਣਵਾਲਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਝੋਨੇ ਦੀ ਆਮਦ ਵਧਣ ਤੋਂ ਪਹਿਲਾਂ ਸੜਕਾਂ ਅਤੇ ਪੁਲ ਦੀਆਂ ਖਾਮੀਆਂ ਨੂੰ ਦੂਰ ਕਰਵਾਇਆ ਜਾਵੇ, ਤਾਂ ਜੋ ਕਿਸਾਨਾਂ ਨੂੰ ਮੰਡੀਆਂ ਤੱਕ ਫਸਲ ਲੈ ਕੇ ਜਾਣ ਸਮੇਂ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਰਿੰਪੂ ਬਰਾੜ, ਸਮਸ਼ੇਰ ਸਿੰਘ ਕੋਟਲੀ ਦੇਵਨ, ਪਰਮਜੀਤ ਸਿੰਘ ਬਰਾੜ, ਲਾਡੀ ਸ਼ਰਮਾ ਲੰਬੀ ਢਾਬ, ਜਗਸੀਰ ਸਿੰਘ, ਗੁਰਵਿੰਦਰ ਸਿੰਘ ਬੱਬੂ ਅਤੇ ਸਤਵਿੰਦਰ ਸਿੰਘ ਮੌਜੂਦ ਸਨ।