ਮੇਲਾ ਮਾਘੀ ਟਿਕਟ ਮੁਕਤ ਕਰਨ ਲਈ ਵਫ਼ਦ ਡੀਸੀ ਨੂੰ ਮਿਲਿਆ ਮੇਲਾ ਮਾਘੀ ਟਿਕਟ ਮੁਕਤ ਕਰਨ ਲਈ ਵਫ਼ਦ ਡੀਸੀ ਨੂੰ ਮਿਲਿਆ
Publish Date: Tue, 17 Nov 2026 04:41 PM (IST)
Updated Date: Tue, 17 Nov 2026 04:42 PM (IST)
ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇਤਿਹਾਸਕ ਤੇ ਧਾਰਮਿਕ ਮੇਲਾ ਮਾਘੀ ਨੂੰ ਟਿਕਟ ਮੁਕਤ ਕਰਨ, ਮੇਲੇ ਦਾ ਸਮਾਂ 26 ਜਨਵਰੀ ਤੱਕ ਤੈਅ ਕਰਨ ਤੇ ਕੋਟਕਪੂਰਾ ਰੋਡ ’ਤੇ ਪੁਰਾਣੀ ਜੇਲ੍ਹ ਵਾਲੀ ਜਗ੍ਹਾ ’ਤੇ ਤਬਦੀਲ ਕਰਨ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਮਿਲਿਆ। ਵਫ਼ਦ ’ਚ ਸ਼ਾਮਲ ਅੰਮ੍ਰਿਤਪਾਲ ਸਿੰਘ, ਮਾਸਟਰ ਜਸਪਾਲ ਸਿੰਘ, ਗੁਰਸੇਵਕ ਸਿੰਘ ਪ੍ਰੀਤ, ਸੰਦੀਪ ਕੁਮਾਰ ਕਥੂਰੀਆ, ਪ੍ਰਦੀਪ ਕੁਮਾਰ ਹੋਰਾਂ ਨੇ ਦੱਸਿਆ ਕਿ ਕੁੱਝ ਵਰ੍ਹੇ ਪਹਿਲਾਂ ਇਹ ਮੇਲਾ ਟਿਕਟ ਮੁਕਤ ਹੁੰਦਾ ਸੀ ਪਰ ਹੁਣ ਮੇਲਾ ਠੇਕੇ ’ਤੇ ਦਿੱਤਾ ਜਾਂਦਾ ਹੈ ਤੇ ਠੇਕੇਦਾਰ ਮੇਲੇ ਦੀ ਚਾਰਦੀਵਾਰੀ ਕਰਕੇ ਟਿਕਟ ਲਾ ਦਿੰਦਾ ਹੈ। ਗਰੀਬ ਲੋਕਾਂ ਲਈ ਮੇਲਾ ਵੇਖਣਾ ਔਖਾ ਹੋ ਜਾਂਦਾ ਹੈ। ਇਸ ਲਈ ਮੇਲਾ ਟਿਕਟ ਮੁਕਤ ਕੀਤਾ ਜਾਵੇ। ਇਸਦੇ ਨਾਲ ਹੀ ਮਲੋਟ ਰੋਡ ’ਤੇ ਬੱਸ ਅੱਡਾ, ਅਕਾਲ ਅਕੈਡਮੀ, ਡੇਰਾ ਭਾਈ ਮਸਤਾਨ ਸਿੰਘ ਸਕੂਲ ਤੇ ਅੱਧੀ ਦਰਜਨ ਹਸਪਤਾਲ ਹਨ। ਇਸ ਕਰਕੇ ਇਸ ਸੜਕ ’ਤੇ ਆਮ ਦਿਨਾਂ ’ਚ ਵੀ ਅੰਤਾਂ ਦੀ ਭੀੜ ਰਹਿੰਦੀ ਹੈ ਤੇ ਆਵਾਜਾਈ ਠੱਪ ਰਹਿੰਦੀ ਹੈ ਪਰ ਮੇਲੇ ਦੌਰਾਨ ਹਜ਼ਾਰਾਂ ਦੁਕਾਨਦਾਰ ਤੇ ਲੱਖਾਂ ਲੋਕ ਜਦੋਂ ਇਸ ਛੋਟੇ ਜਿਹੇ ਖੇਤਰ ’ਚ ਇਕੱਠੇ ਹੁੰਦੇ ਹਨ ਤਾਂ ਇਹ ਖੇਤਰ ਅਸਲੋਂ ਹੀ ਜਾਮ ਹੋ ਜਾਂਦਾ ਹੈ। ਸ਼ਰਾਰਤੀ ਅਨਸਰਾਂ ਨੂੰ ਮੌਕਾ ਮਿਲਦਾ ਹੈ। ਦੁਕਾਨਦਾਰਾਂ ਦੇ ਕੰਮ ਠੱਪ ਹੋ ਜਾਂਦੇ ਹਨ। ਵਿਦਿਆਰਥੀਆਂ ਤੇ ਰਾਹਗੀਰਾਂ ਨੂੰ ਲੰਘਣਾ ਟੱਪਣਾ ਦੁੱਬਰ ਹੋ ਜਾਂਦਾ ਹੈ। ਇਸ ਲਈ ਮੰਨੋਰੰਜਨ ਮੇਲਾ ਮਲੋਟ ਰੋਡ ਤੋਂ ਤਬਦੀਲ ਕਰਕੇ ਕੋਟਕਪੂਰਾ ਰੋਡ ਉਪਰ ਪੁਰਾਣੀ ਜੇਲ੍ਹ ਵਿਖੇ ਤਬਦੀਲ ਕੀਤਾ ਜਾਵੇ। ਇਸ ਤਰ੍ਹਾਂ ਮਲੋਟ ਰੋਡ ਤੋਂ ਭੀੜ ਵੀ ਘਟ ਜਾਵੇਗੀ। ਸਰਕਾਰੀ ਜਗ੍ਹਾ ਹੋਣ ਕਰਕੇ ਦਾਖਲੇ ਦੀ ਟਿਕਟ ਵੀ ਨਹੀਂ ਲੱਗੇਗੀ। ਇਸਦੇ ਨਾਲ ਹੀ ਵਫ਼ਦ ਨੇ ਮੇਲਾ 1 ਜਨਵਰੀ ਤੋਂ 26 ਜਨਵਰੀ ਤੱਕ ਲਾਏ ਜਾਣ ਦੀ ਵੀ ਮੰਗ ਕੀਤੀ ਤਾਂ ਜੋ ਕਿ ਭੀੜ ਵੀ ਘਟੇ ਅਤੇ ਵਿਦਿਆਰਥੀਆਂ ਨੂੰ ਪੜ੍ਹਣ ਦਾ ਮੌਕਾ ਵੀ ਮਿਲ ਜਾਵੇ। ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਕਿਹਾ ਕਿ ਮੇਲੇ ਸਬੰਧੀ ਸਮੇਂ ਸੁਝਾਅ ਸਮੇਂ ਸਿਰ ਉਨ੍ਹਾਂ ਦੇ ਧਿਆਨ ਵਿੱਚ ਆਉਣ ਕਰਕੇ ਉਹ ਇਨ੍ਹਾਂ ਸਾਰੇ ਮਸਲਿਆਂ ਦਾ ਢੁਕਵਾਂ ਹੱਲ ਕਰਨਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਆਉਣ ਵਾਲੀਆਂ ਮੇਲਾ ਬੈਠਕਾਂ ਵਿੱਚ ਵੀ ਵਫ਼ਦ ਨੂੰ ਸ਼ਾਮਲ ਕੀਤਾ ਜਾਵੇਗਾ।