ਡੀਸੀ ਦਫ਼ਤਰ ਕਾਮਿਆਂ ਵੱਲੋਂ ਸ਼ਹਿਰ ’ਚ ਮੋਟਰਸਾਈਕਲ ਮਾਰਚ
ਡੀਸੀ ਦਫ਼ਤਰ ਕਾਮਿਆਂ ਵੱਲੋਂ ਸ਼ਹਿਰ ’ਚ ਮੋਟਰਸਾਈਕਲ ਮਾਰਚ
Publish Date: Mon, 30 Mar 2026 05:07 PM (IST)
Updated Date: Mon, 30 Mar 2026 05:09 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਜਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਐਸਐਚਓ ਜੰਡਿਆਲਾ ਗੁਰੂ ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੀ ਸੂਬਾ ਬਾਡੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਮੋਟਰ ਸਾਈਕਲ ਰੈਲੀ ਕੱਢਦੇ ਹੋਏ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀ ਐਸਐਚਓ ਜੰਡਿਆਲਾ ਗੁਰੂ ਵੱਲੋਂ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਗੈਰ ਮਨੁੱਖੀ ਢੰਗ ਨਾਲ ਗ੍ਰਿਫਤਾਰ ਕਰਕੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨ ਕਾਰਨ ਐਸਐਚਓ ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸੂਬੇ ਭਰ ’ਚ ਪੰਜਾਬ ਸਰਕਾਰ ਅਤੇ ਐਸਐਚਓ ਜੰਡਿਆਲਾ ਗੁਰੂ ਦੇ ਖਿਲਾਫ਼ ਮੋਟਰਸਾਈਕਲ ਮਾਰਚ ਕੱਢਿਆ ਗਿਆ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਕਰਮਚਾਰੀਆਂ ਵੱਲੋਂ ਮੋਟਰਸਾਈਕਲ ਰੈਲੀ ਡੀਸੀ ਦਫ਼ਤਰ ਤੋਂ ਸ਼ੁਰੂ ਕਰਕੇ ਚੱਕ ਬੀੜ ਸਰਕਾਰ, ਕੋਟਕਪੂਰਾ ਚੌਂਕ, ਬਠਿੰਡਾ ਰੋਡ ਆਦਿ ਤੋਂ ਹੁੰਦਾ ਹੋਇਆ ਵਾਪਸ ਡੀਸੀ ਦਫ਼ਤਰ ਵਿਖੇ ਸਮਾਪਤ ਹੋਇਆ। ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਅੱਜ ਮੋਟਰ ਸਾਈਕਲ ਰੈਲੀ ਕੱਢੀ ਗਈ ਜਦਕਿ ਮਿਤੀ 02 ਅਪ੍ਰੈਲ (ਵੀਰਵਾਰ) ਨੂੰ ਐਸਐਸਪੀ ਦਿਹਾਤੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮੁੜ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 7 ਅਪ੍ਰੈਲ (ਮੰਗਲਵਾਰ) ਨੂੰ ਵਿਧਾਨ ਸਭਾ ਹਲਕਾ, ਜੰਡਿਆਲਾ ਗੁਰੂ ਦੇ ਹਲਕਾ ਵਿਧਾਇਕ ਦੇ ਘਰ/ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਐਸਐਚਓ ਦੇ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਪੀਏ, ਗੁਰਮੀਤ ਪਾਲ ਰੀਡਰ, ਹਰਬੰਸ ਸਿੰਘ, ਓਮਪਾਲ, ਜਗਪ੍ਰੀਤ ਸਟੈਨੋ, ਖੁਸ਼ਕਰਨਜੀਤ ਪ੍ਰਧਾਨ ਪੀਐਸਐਮਐਸਯੂ ਸ੍ਰੀ ਮੁਕਤਸਰ ਸਾਹਿਬ, ਜਸਵੀਰ ਕੌਰ, ਸੁਖਪਾਲ ਕੌਰ, ਰਜਨੀ ਬਾਲਾ, ਕਮਲਦੀਪ ਕੌਰ, ਅਮੀਸ਼ਾ ਆਦਿ ਵੱਡੀ ਗਿਣਤੀ ’ਚ ਕਰਮਚਾਰੀ ਹਾਜਰ ਸਨ।