‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਚਲਾਇਆ 'ਕਾਸੋ' ਆਪ੍ਰੇਸ਼ਨ ਡੀਸੀ ਤੇ ਐੱਸਐੱਸਪੀ ਵੱਲੋਂ ਖ਼ੁਦ ਫੀਲਡ 'ਚ ਪਹੁੰਚ ਕੇ 'ਕਾਸੋ' ਸਰਚ ਆਪ੍ਰੇਸ਼ਨ ਦੀ ਅਗਵਾਈ
Publish Date: Sat, 10 Oct 2026 05:07 PM (IST)
Updated Date: Sat, 10 Oct 2026 05:08 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਆਈਜੀਪੀ ਫਰੀਦਕੋਟ ਰੇਂਜ ਨਿਲਾਂਬਰੀ ਵਿਜੇ ਜਗਦਲੇ ਦੇ ਦਿਸ਼ਾ-ਨਿਰਦੇਸ਼ਾਂ ਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਭਰ ’ਚ ਵਿਸ਼ੇਸ਼ ‘ਕਾਸੋ’ ਅਭਿਆਨ ਚਲਾਇਆ ਗਿਆ। ਇਸ ਕਾਸੋ ਆਪ੍ਰੇਸ਼ਨ ਦੀ ਅਗਵਾਈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਅਤੇ ਐੱਸਐੱਸਪੀ ਅਭਿਮਨਿਊ ਰਾਣਾ ਵੱਲੋਂ ਖ਼ੁਦ ਫੀਲਡ ਵਿੱਚ ਉੱਤਰ ਕੇ ਕੀਤੀ ਗਈ। ਦੋਵਾਂ ਉੱਚ ਅਧਿਕਾਰੀਆਂ ਨੇ ਜ਼ਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ—ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ’ਚ ਇੱਕੋ ਸਮੇਂ ਚੱਲੇ ਇਸ ਸਰਚ ਆਪ੍ਰੇਸ਼ਨ ਦਾ ਨਿਰੀਖਣ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਵਿਸ਼ੇਸ਼ ਮੁਹਿੰਮ ਵਿੱਚ 11 ਐੱਸਐੱਚਓਜ਼ ਸਮੇਤ 500 ਤੋਂ ਵੱਧ ਪੁਲਿਸ ਜਵਾਨਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਡਰੋਨ ਕੈਮਰਿਆਂ ਤੇ ਆਧੁਨਿਕ ਐਪਸ ਨਾਲ ਚੈਕਿੰਗ ਆਪ੍ਰੇਸ਼ਨ ਦੌਰਾਨ ਸੰਵੇਦਨਸ਼ੀਲ ਇਲਾਕਿਆਂ ਦੀ ਘੇਰਾਬੰਦੀ ਅਤੇ ਨਾਕਾਬੰਦੀ ਕਰਕੇ ਸ਼ੱਕੀ ਥਾਵਾਂ ਦੀ ਡਰੋਨ ਕੈਮਰਿਆਂ ਨਾਲ ਬਾਰੀਕੀ ਨਾਲ ਨਿਗਰਾਨੀ ਕੀਤੀ ਗਈ। ਪੁਰਾਣੇ ਅਪਰਾਧਿਕ ਰਿਕਾਰਡ ਵਾਲੇ ਵਿਅਕਤੀਆਂ ਦੀ ਸ਼ਨਾਖਤ ਲਈ ਪੀਏਆਈਐਸ ਐਪ ਅਤੇ ਵਾਹਨਾਂ ਦੇ ਵੇਰਵੇ ਦੀ ਪੜਤਾਲ ਲਈ ਵਹੀਕਲ ਐਪ ਦੀ ਮਦਦ ਲਈ ਗਈ। ਵੀਡੀਸੀ ਤੇ ਡਬਲਿਊ ਡੀਸੀ ਦੀਆਂ ਰਿਪੋਰਟਾਂ ’ਤੇ ਕਾਰਵਾਈ ਪਿੰਡਾਂ ਅਤੇ ਵਾਰਡਾਂ ਵਿੱਚ ਬਣਾਈਆਂ ਗਈਆਂ ਵਿਲੇਜ ਡਿਫੈਂਸ ਕਮੇਟੀਆਂ (ਵੀਡੀਸੀ) ਅਤੇ ਵਾਰਡ ਡਿਫੈਂਸ ਕਮੇਟੀਆਂ (ਡਬਲਯੂਡੀਸੀ) ਤੋਂ ਮਿਲੀ ਜਾਣਕਾਰੀ ਅਤੇ ਆਮ ਲੋਕਾਂ ਦੇ ਸੁਝਾਵਾਂ ਦੇ ਆਧਾਰ ਤੇ ਨਸ਼ਿਆਂ ਦੇ ਮੁੱਖ ਹੌਟਸਪੌਟਸ ਦੀ ਪਛਾਣ ਕਰਕੇ ਚੈਕਿੰਗ ਕੀਤੀ ਗਈ, ਤਾਂ ਜੋ ਇਨ੍ਹਾਂ ਥਾਵਾਂ ਨੂੰ ਨਸ਼ਾ-ਮੁਕਤ ਕਰਕੇ ਸੁਰੱਖਿਅਤ ਬਣਾਇਆ ਜਾ ਸਕੇ। ਨਸ਼ਾ ਤਸਕਰਾਂ ਤੇ ਸਖ਼ਤੀ, ਪੀੜਤਾਂ ਦਾ ਹੋਵੇਗਾ ਮੁਫ਼ਤ ਇਲਾਜ : ਐੱਸਐੱਸਪੀ ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਇਹ ਅਭਿਆਨ ਨਸ਼ਾ ਤਸਕਰਾਂ ’ਤੇ ਨਕੇਲ ਕੱਸਣ ਅਤੇ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਲੋਕਾਂ ਨੂੰ ਸੁਧਾਰਨ ਲਈ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਦਕਿ ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਮੁਫ਼ਤ ਇਲਾਜ ਮੁਹੱਈਆ ਕਰਵਾ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ। ਲੋਕਾਂ ਦਾ ਸਹਿਯੋਗ ਜ਼ਰੂਰੀ : ਡੀਸੀ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਿਰਫ਼ ਕਾਨੂੰਨੀ ਕਾਰਵਾਈ ਹੀ ਨਹੀਂ, ਸਗੋਂ ਜਨ-ਭਾਗੀਦਾਰੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ ਪ੍ਰਸ਼ਾਸਨ ਨਾਲ ਸਾਂਝੀ ਕਰਨ। ਇਸ ਆਪ੍ਰੇਸ਼ਨ ਦੌਰਾਨ ਐੱਸਪੀ (ਡੀ) ਅਸ਼ੋਕ ਮੀਨਾ, ਐੱਸਪੀ (ਐੱਚ) ਗੁਰਿੰਦਰਜੀਤ ਸਿੰਘ, ਐੱਸਪੀ (ਪੀਬੀਆਈ) ਮਹੇਸ਼ ਕੁਮਾਰ ਸੈਣੀ, ਡੀਐੱਸਪੀ ਬਚਨ ਸਿੰਘ (ਸ੍ਰੀ ਮੁਕਤਸਰ ਸਾਹਿਬ), ਡੀਐੱਸਪੀ ਜਸਪਾਲ ਸਿੰਘ (ਮਲੋਟ), ਡੀਐੱਸਪੀ ਜਤਿੰਦਰ ਸਿੰਘ (ਗਿੱਦੜਬਾਹਾ) ਅਤੇ ਡੀਐੱਸਪੀ ਹਰਬੰਸ ਸਿੰਘ (ਲੰਬੀ) ਸਮੇਤ ਸਮੂਹ ਥਾਣਾ ਮੁਖੀ ਤੇ ਪੁਲਿਸ ਟੀਮਾਂ ਹਾਜ਼ਰ ਸਨ।