ਬਠਿੰਡਾ ਰੋਡ ਤੋਂ ਰੇਲਵੇ ਸਟੇਸ਼ਨ ਤੱਕ ਹਨੇਰਾ, ਬੰਦ ਸਟ੍ਰੀਟ ਲਾਈਟਾਂ ਨੇ ਵਧਾਈ ਮੁਸਾਫ਼ਰਾਂ ਦੀ ਚਿੰਤਾ ਬਠਿੰਡਾ ਰੋਡ ਤੋਂ ਰੇਲਵੇ ਸਟੇਸ਼ਨ ਤੱਕ ਹਨੇਰਾ, ਬੰਦ ਸਟ੍ਰੀਟ ਲਾਈਟਾਂ ਨੇ ਵਧਾਈ ਮੁਸਾਫ਼ਰਾਂ ਦੀ ਚਿੰਤਾ
Publish Date: Thu, 24 Sep 2026 06:21 PM (IST)
Updated Date: Fri, 25 Sep 2026 04:07 AM (IST)
ਤੜਕੇ ਟ੍ਰੇਨ ਅਤੇ ਬੱਸ ਫੜਨ ਵਾਲਿਆਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ, ਪ੍ਰਮੁੱਖ ਚੌਕਾਂ ’ਚ ਵੀ ਰੌਸ਼ਨੀ ਨਹੀਂ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ’ਚ ਬਠਿੰਡਾ ਰੋਡ ਤੋਂ ਰੇਲਵੇ ਸਟੇਸ਼ਨ ਤੱਕ ਬੰਦ ਪਈਆਂ ਸਟ੍ਰੀਟ ਲਾਈਟਾਂ ਰਾਤ ਅਤੇ ਭਲਕੇ ਅੰਮ੍ਰਿਤ ਵੇਲੇ (ਤੜਕੇ) ਸਫ਼ਰ ਕਰਨ ਵਾਲੇ ਯਾਤਰੀਆਂ ਲਈ ਪ੍ਰੇਸ਼ਾਨੀ ਅਤੇ ਅਸੁਰੱਖਿਆ ਦਾ ਕਾਰਨ ਬਣ ਗਈਆਂ ਹਨ। ਇਸ ਮਾਰਗ ’ਤੇ ਜ਼ਿਆਦਾਤਰ ਸਟ੍ਰੀਟ ਲਾਈਟਾਂ ਕਈ ਦਿਨਾਂ ਤੋਂ ਖ਼ਰਾਬ ਪਈਆਂ ਹਨ ਅਤੇ ਕੁਝ ਲਾਈਟਾਂ ਹੀ ਜਗ ਰਹੀਆਂ ਹਨ। ਫ਼ਾਜ਼ਿਲਕਾ ਤੋਂ ਦਿੱਲੀ ਜਾਣ ਵਾਲੀ ਟ੍ਰੇਨ ਰਾਤ ਲਗਭਗ 2:40 ਵਜੇ ਰਵਾਨਾ ਹੁੰਦੀ ਹੈ, ਜਦਕਿ ਕੋਟਕਪੂਰਾ ਚੌਕ ਤੋਂ ਬੱਸ ਸੇਵਾ ਤੜਕੇ 3:50 ਵਜੇ ਸ਼ੁਰੂ ਹੋ ਜਾਂਦੀ ਹੈ। ਅਜਿਹੇ ’ਚ ਯਾਤਰੀਆਂ ਨੂੰ ਘੁੱਪ ਹਨੇਰੇ ’ਚ ਸਟੇਸ਼ਨ ਅਤੇ ਬੱਸ ਸਟੈਂਡ ਤੱਕ ਪਹੁੰਚਣਾ ਪੈ ਰਿਹਾ ਹੈ। ਸ਼ਹਿਰ ਵਾਸੀ ਅਭਿਨਵ ਬੱਤਰਾ ਦਾ ਕਹਿਣਾ ਹੈ ਕਿ ਇਹ ਸਮੱਸਿਆ ਹੁਣ ਸਿਰਫ਼ ਸਹੂਲਤ ਤੱਕ ਸੀਮਤ ਨਹੀਂ ਰਹੀ, ਸਗੋਂ ਸੁਰੱਖਿਆ ਦਾ ਗੰਭੀਰ ਮੁੱਦਾ ਬਣ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਨੂੰ ਬੱਸ ਅਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਸਮੇਂ ਸਭ ਤੋਂ ਵੱਧ ਪ੍ਰੇਸ਼ਾਨੀ ਹੁੰਦੀ ਹੈ। ਹਨੇਰੇ ਕਾਰਨ ਸੜਕ ਪਾਰ ਕਰਨਾ ਖ਼ਤਰੇ ਭਰਿਆ ਹੋ ਗਿਆ ਹੈ ਅਤੇ ਵਾਹਨ ਚਾਲਕਾਂ ਨੂੰ ਵੀ ਲੋੜੀਂਦੀ ਰੋਸ਼ਨੀ ਨਾ ਮਿਲਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਕੁਲਵਿੰਦਰ ਸਿੱਧੂ ਨੇ ਦੱਸਿਆ ਕਿ ਬਠਿੰਡਾ ਰੋਡ ਤੋਂ ਰੇਲਵੇ ਸਟੇਸ਼ਨ ਤੱਕ ਜ਼ਿਆਦਾਤਰ ਸਟ੍ਰੀਟ ਲਾਈਟਾਂ ਬੰਦ ਹਨ। ਇਸਤੋਂ ਇਲਾਵਾ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਨਾਕਾ ਨੰਬਰ-3 ਲੰਗਰ ਹਾਲ ਵਾਲਾ, ਮਲੋਟ ਰੋਡ ਦੇ ਖੰਡਾ ਚੌਕ ਅਤੇ ਨਿਊ ਵੇਅ ਇਲੈਕਟ੍ਰੋਨਿਕਸ ਤੋਂ ਬਾਬਾ ਸੰਤ ਸਿੰਘ ਰੋਡ ਤੱਕ ਵੀ ਹਨੇਰਾ ਛਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੋਟਕਪੂਰਾ ਚੌਕ ਦੇ ਮੁੱਖ ਖੰਭੇ ’ਤੇ ਲੱਗੀਆਂ ਚਾਰ ਵਿੱਚੋਂ ਸਿਰਫ਼ ਦੋ ਲਾਈਟਾਂ ਹੀ ਜਗ ਰਹੀਆਂ ਹਨ, ਜਿਸ ਨਾਲ ਚੌਕ ਦਾ ਵੱਡਾ ਹਿੱਸਾ ਹਨੇਰੇ ’ਚ ਰਹਿੰਦਾ ਹੈ। ਇਹ ਚੌਕ ਸ਼ਹਿਰ ਦੇ ਸਭ ਤੋਂ ਵਿਅਸਤ ਸਥਾਨਾਂ ’ਚ ਸ਼ਾਮਲ ਹੈ, ਜਿੱਥੇ ਦੇਰ ਰਾਤ ਅਤੇ ਤੜਕੇ ਵੀ ਲੋਕਾਂ ਦੀ ਆਵਾਜਾਈ ਬਣੀ ਰਹਿੰਦੀ ਹੈ। ਬਾਕਸ-- ਅਪਰਾਧ ਦੇ ਖ਼ਦਸ਼ੇ ਨਾਲ ਵਧੀ ਚਿੰਤਾ- ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ’ਚ ਹਾਲ ਹੀ ਦੇ ਦਿਨਾਂ ’ਚ ਚੋਰੀ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਪਹਿਲਾਂ ਹੀ ਲੋਕਾਂ ’ਚ ਚਿੰਤਾ ਬਣੀ ਹੋਈ ਹੈ। ਅਜਿਹੇ ਮਾਹੌਲ ’ਚ ਪ੍ਰਮੁੱਖ ਚੌਕਾਂ ਅਤੇ ਗਲੀਆਂ ’ਚ ਹਨੇਰਾ ਰਹਿਣ ਨਾਲ ਲੋਕਾਂ ਦਾ ਡਰ ਹੋਰ ਵਧ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਟ੍ਰੀਟ ਲਾਈਟਾਂ ਨਿਯਮਿਤ ਰੂਪ ’ਚ ਜਗਦੀਆਂ ਰਹਿਣ ਤਾਂ ਅਪਰਾਧ ਦੀਆਂ ਸੰਭਾਵਨਾਵਾਂ ਘੱਟ ਸਕਦੀਆਂ ਹਨ ਅਤੇ ਲੋਕਾਂ ’ਚ ਸੁਰੱਖਿਆ ਦਾ ਭਰੋਸਾ ਵਧੇਗਾ। ਵਪਾਰੀਆਂ ਨੇ ਵੀ ਕਿਹਾ ਕਿ ਸ਼ਾਮ ਦੇ ਸਮੇਂ ਬਾਜ਼ਾਰ ਤੋਂ ਘਰ ਪਰਤਣ ਵਾਲੇ ਗ੍ਰਾਹਕਾਂ ਅਤੇ ਦੁਕਾਨਦਾਰਾਂ ਨੂੰ ਰੋਸ਼ਨੀ ਦੀ ਘਾਟ ਕਾਰਨ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਅਸਤ ਬਾਜ਼ਾਰਾਂ ਅਤੇ ਮੁੱਖ ਮਾਰਗਾਂ ’ਤੇ ਸਟ੍ਰੀਟ ਲਾਈਟਾਂ ਦਾ ਚਾਲੂ ਰਹਿਣਾ ਲਾਜ਼ਮੀ ਹੈ। ਇਲਾਕਾ ਵਾਸੀਆਂ ਨੇ ਨਗਰ ਕੌਂਸਲ ਅਤੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਠਿੰਡਾ ਰੋਡ, ਰੇਲਵੇ ਸਟੇਸ਼ਨ ਮਾਰਗ, ਕੋਟਕਪੂਰਾ ਚੌਕ, ਮਸਜਿਦ ਖੇਤਰ ਅਤੇ ਹੋਰ ਪ੍ਰਭਾਵਿਤ ਸਥਾਨਾਂ ਦੀਆਂ ਬੰਦ ਪਈਆਂ ਸਟ੍ਰੀਟ ਲਾਈਟਾਂ ਦੀ ਤੁਰੰਤ ਜਾਂਚ ਕਰਕੇ ਉਨ੍ਹਾਂ ਨੂੰ ਜਲਦ ਚਾਲੂ ਕਰਵਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਸਮਾਂ ਰਹਿੰਦੇ ਸਮੱਸਿਆ ਦਾ ਹੱਲ ਹੋਣ ਨਾਲ ਤੜਕੇ ਸਫ਼ਰ ਕਰਨ ਵਾਲੇ ਯਾਤਰੀਆਂ, ਰਾਹਗੀਰਾਂ ਅਤੇ ਆਸ-ਪਾਸ ਰਹਿਣ ਵਾਲੇ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਮਾਹੌਲ ਮਿਲ ਸਕੇਗਾ।