ਸੀਪੀਆਈ ਐੱਮ ਨੇ ਪ੍ਰਧਾਨ ਮੰਤਰੀ ਤੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਸੀਪੀਆਈ (ਐੱਮ) ਵੱਲੋਂ ਪ੍ਰਧਾਨ ਮੰਤਰੀ ਤੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ
Publish Date: Fri, 23 Oct 2026 05:36 PM (IST)
Updated Date: Fri, 23 Oct 2026 05:39 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੀਪੀਆਈ ਐੱਮ ਦੀ ਤਹਿਸੀਲ ਕਮੇਟੀ ਵੱਲੋਂ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਅੱਗੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਗਿਆ। ਆਗੂਆਂ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਦੇਸ਼ ’ਚ ‘ਐੱਸਆਈ.ਆਰ’ ਲਾਗੂ ਕਰਕੇ ਲਗਭਗ 13 ਕਰੋੜ ਲੋਕਾਂ ਦੀਆਂ ਵੋਟਾਂ ਕੱਟੀਆਂ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ, ਹਰਿਆਣਾ, ਮਹਾਰਾਸ਼ਟਰ ਅਤੇ ਅਸਾਮ ਸਮੇਤ ਕਈ ਸੂਬਿਆਂ ’ਚ ਗੈਰ-ਲੋਕਤੰਤਰੀ ਤਰੀਕੇ ਨਾਲ ਭਾਜਪਾ ਸਰਕਾਰਾਂ ਬਣਾਉਣ ’ਚ ਚੋਣ ਕਮਿਸ਼ਨਰ ਦੀ ਮੁੱਖ ਭੂਮਿਕਾ ਰਹੀ ਹੈ, ਜਿਸਦੀ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਚੋਣ ਕਮਿਸ਼ਨਰ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ। ‘ਐੱਸਆਈਆਰ’ ਨੂੰ ਤੁਰੰਤ ਬੰਦ ਕੀਤਾ ਜਾਵੇ, ਕੱਟੀਆਂ ਵੋਟਾਂ ਬਹਾਲ ਹੋਣ ਅਤੇ ਪ੍ਰਭਾਵਿਤ ਸੂਬਿਆਂ ’ਚ ਦੁਬਾਰਾ ਚੋਣਾਂ ਕਰਵਾਈਆਂ ਜਾਣ। ਜੰਤਰ-ਮੰਤਰ ਨੂੰ ਧਰਨਾ ਪ੍ਰਦਰਸ਼ਨ ਵਾਲੀ ਥਾਂ ਤੋਂ ਬਾਹਰ ਕੱਢਣ ਦਾ ਫ਼ੈਸਲਾ ਰੱਦ ਕੀਤਾ ਜਾਵੇ ਅਤੇ ਲੋਕਾਂ ਦੇ ਸ਼ਾਂਤੀਪੂਰਵਕ ਪ੍ਰਦਰਸ਼ਨ ਤੇ ਬੋਲਣ ਦੀ ਆਜ਼ਾਦੀ ’ਤੇ ਪੁਲਿਸ ਜ਼ਬਰ ਬੰਦ ਹੋਵੇ। ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਲਈ ਪੀੜਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਮਨਰੇਗਾ ਮਜ਼ਦੂਰਾਂ ਦੇ ਬਕਾਇਆ ਪੈਸੇ ਤੁਰੰਤ ਜਾਰੀ ਕੀਤੇ ਜਾਣ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ’ਤੇ ਬੋਲਦਿਆਂ ਆਗੂਆਂ ਨੇ ਇਸ ਨੂੰ ਆਗਾਮੀ ਚੋਣਾਂ ਨੂੰ ਮੁੱਖ ਰੱਖਦਿਆਂ ਸਿਰਫ਼ ਇੱਕ ‘ਚੋਣ ਸਟੰਟ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਪੰਜਾਬ ਦੇ ਅਹਿਮ ਮੁੱਦਿਆਂ ਜਿਵੇਂ ਕਿ ਚੰਡੀਗੜ੍ਹ ਪੰਜਾਬ ਹਵਾਲੇ ਕਰਨਾ, ਪੰਜਾਬੀ ਬੋਲਦੇ ਇਲਾਕੇ, ਪਾਣੀ, ਡੈਮ, ਫ਼ਸਲਾਂ ’ਤੇ ਐੱਮਐੱਸਪੀ ਅਤੇ ਬੇਰੋਜ਼ਗਾਰੀ ’ਤੇ ਕੋਈ ਗੱਲ ਨਹੀਂ ਕੀਤੀ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਉਹ ਸਿਰਫ਼ ਰਾਜਨੀਤਕ ਚਾਲਾਂ ਚੱਲ ਰਹੇ ਹਨ। ਇਸਦੇ ਨਾਲ ਹੀ ਆਗੂਆਂ ਨੇ ਪੰਜਾਬ ਦੀ ਆਪ ਸਰਕਾਰ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਦੀਆਂ ਨੀਤੀਆਂ ’ਤੇ ਚੱਲ ਰਹੀ ਹੈ ਅਤੇ ਹਰ ਮੋਰਚੇ ’ਤੇ ਫ਼ੇਲ੍ਹ ਸਾਬਤ ਹੋਈ ਹੈ। ਧਰਨਿਆਂ ਵਿੱਚੋਂ ਨਿਕਲੀ ਪਾਰਟੀ ਅੱਜ ਆਪ ਧਰਨਾਕਾਰੀਆਂ ’ਤੇ ਤਸ਼ੱਦਦ ਕਰ ਰਹੀ ਹੈ। ਭ੍ਰਿਸ਼ਟਾਚਾਰ, ਸ਼ਰਾਬ, ਮਾਈਨਿੰਗ, ਟਰਾਂਸਪੋਰਟ ਤੇ ਭੂ-ਮਾਫ਼ੀਆ ਨੂੰ ਠੱਲ੍ਹ ਪਾਉਣ, ਠੇਕਾ ਪ੍ਰਥਾ ਬੰਦ ਕਰਨ ਅਤੇ ਆਊਟਸੋਰਸ/ਸਕੀਮ ਵਰਕਰਾਂ ਨੂੰ ਪੱਕੇ ਕਰਨ ਵਰਗੇ ਵਾਅਦੇ ਪੂਰੇ ਕਰਨ ’ਚ ਸਰਕਾਰ ਨਾਕਾਮ ਰਹੀ ਹੈ। ਇਸ ਪ੍ਰਦਰਸ਼ਨ ’ਚ ਪਾਰਟੀ ਦੇ ਤਹਿਸੀਲ ਸੈਕਟਰੀ ਕਾਮਰੇਡ ਤਰਸੇਮ ਲਾਲ, ਰਾਜ ਕੁਮਾਰ, ਹਰਵਿੰਦਰ ਪਾਲ, ਮੇਜਰ ਸਿੰਘ, ਮੱਖਣ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਸੁਖਦੇਵ ਮੈਂਬਰ, ਲੱਖਾ ਸਿੰਘ, ਰਤਨ ਸਿੰਘ, ਬਾਜ ਸਿੰਘ, ਸੁਖਵਿੰਦਰ ਕੌਰ, ਮਲਕੀਤ ਸਿੰਘ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ‘ਚ ਸ਼ਾਮਲ ਸਨ।