- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਊ ਰੱਖਿਅਕਾਂ ਨੇ ਗਊਆਂ ਨਾਲ ਭਰੇ ਦੋ ਟਰੱਕ ਫੜੇ, 3 ਮੁਲਜ਼ਮ ਗ੍ਰਿਫਤਾਰ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ’ਚ ਗਊ ਸੇਵਕਾਂ ਵੱਲੋਂ ਗਊ ਤਸਕਰੀ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਦੋ ਕੈਂਟਰਾਂ (ਟਰੱਕਾਂ) ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ’ਚ ਤਕਰੀਬਨ 29 ਗਊਆਂ ਲੱਦੀਆਂ ਹੋਈਆਂ ਸਨ। ਸੰਯੁਕਤ ਗਊ ਰੱਖਿਆ ਦਲ ਪੰਜਾਬ ਦੇ ਜਨਰਲ ਸਕੱਤਰ ਮਹੰਤ ਗਰੀਬ ਦਾਸ ਅਨੁਸਾਰ, ਉਨ੍ਹਾਂ ਦੀ ਟੀਮ ਪੂਰੇ ਪੰਜਾਬ ’ਚ ਗਊ ਤਸਕਰੀ ਰੋਕਣ ਲਈ ਸਰਗਰਮ ਹੈ। ਗੁਪਤ ਸੂਚਨਾ ਦੇ ਅਧਾਰ ’ਤੇ ਧਿਗਾਣਾ ਤੋਂ ਗਊ ਰੱਖਿਅਕਾਂ ਦੀ ਟੀਮ ਨੇ ਇਨ੍ਹਾਂ ਟਰੱਕਾਂ ਦਾ ਪਿੱਛਾ ਕੀਤਾ ਅਤੇ ਇੱਕ ਟਰੱਕ ਨੂੰ ਪੇਪਰ ਮਿੱਲ ਕੋਲ ਅਤੇ ਦੂਜੇ ਨੂੰ ਮੁਕਤਸਰ ਦੇ ਕੋਟਕਪੂਰਾ-ਬਠਿੰਡਾ ਬਾਈਪਾਸ ਤੋਂ ਕਾਬੂ ਕਰ ਲਿਆ। ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਰਾਜੇਸ਼ ਗਰਗ ਵੀ ਸੂਚਨਾ ਮਿਲਣ ’ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਮੌਕੇ ’ਤੇ ਪਹੁੰਚੇ। ਗਊ ਸੇਵਕ ਮਾਨਕ ਬਾਵਾ ਨੇ ਦੱਸਿਆ ਕਿ 29 ਗਊਆਂ ਨੂੰ ਧੰਨਾ ਜੱਟ ਗਊਸ਼ਾਲਾ ਦੇ ਵਿੱਚ ਛੱਡ ਦਿੱਤਾ ਗਿਆ ਹੈ। ਮੌਕੇ ’ਤੇ ਕੁੱਲ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਵਿਅਕਤੀ ਕਰਨਾਟਕਾ ਦੇ ਤੇ ਇੱਕ ਉੱਤਰ ਪ੍ਰਦੇਸ਼ (ਯੂਪੀ) ਦਾ ਰਹਿਣ ਵਾਲਾ ਹੈ। ਫੜੇ ਗਏ ਇੱਕ ਮੁਲਜ਼ਮ ਨੇ ਦੱਸਿਆ ਕਿ ਉਸਨੂੰ ਟਰੱਕ ਮੋਗਾ ਛੱਡਣ ਲਈ ਸਿਰਫ਼ 2000 ਰੁਪਏ ਮਿਲੇ ਸਨ। ਉਸਦਾ ਇੱਕ ਸਾਥੀ ਯੁਵਰਾਜ ਮੌਕੇ ਤੋਂ ਫਰਾਰ ਹੋ ਗਿਆ। ਕਰਨਾਟਕਾ ਦੇ ਰਹਿਣ ਵਾਲੇ ਮੁਲਜ਼ਮ ਨੇ ਮੰਨਿਆ ਕਿ ਉਹ ਇਨ੍ਹਾਂ ਟਰੱਕਾਂ ਨੂੰ ਖੰਨਾ ਸਾਈਡ ਵੱਲ ਲੈ ਕੇ ਜਾ ਰਹੇ ਸਨ। ਇਸ ਕੰਮ ’ਚ ਅਸਰਤ ਨਾਮਕ ਵਿਅਕਤੀ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।