ਮੁਕਤਸਰ ਦੇ ਪਿੰਡ ਬਾਦੀਆਂ ’ਚ ਚੋਰਾਂ ਦਾ ਤਾਂਡਵ: 6 ਟਿਊਬਵੈੱਲ ਮੋਟਰਾਂ ਦਾ ਤਾਂਬਾ ਤੇ ਟ੍ਰਾਂਸਫਾਰਮਰ ਦਾ ਤੇਲ ਚੋਰੀ
ਥਾਣਾ ਕੋਟਭਾਈ ਦੇ ਅਧੀਨ ਆਉਂਦੇ ਪਿੰਡ ਬਾਦੀਆਂ ਦੇ ਖੇਤਾਂ ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਛੇ ਟਿਊਬਵੈੱਲ ਮੋਟਰਾਂ ਵਿੱਚੋਂ ਤਾਂਬਾ ਅਤੇ ਇੱਕ ਟ੍ਰਾਂਸਫਾਰਮਰ ਵਿੱਚੋਂ ਤੇਲ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਕਾਰਨ ਇਲਾਕੇ ਦੇ ਕਿਸਾਨਾਂ ਵਿੱਚ ਡਰ ਅਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ।
Publish Date: Mon, 16 Feb 2026 12:48 PM (IST)
Updated Date: Mon, 16 Feb 2026 12:51 PM (IST)

ਸੰਵਾਦ ਸੂਤਰ, ਦੋਦਾ/ਮੁਕਤਸਰ। ਥਾਣਾ ਕੋਟਭਾਈ ਦੇ ਅਧੀਨ ਆਉਂਦੇ ਪਿੰਡ ਬਾਦੀਆਂ ਦੇ ਖੇਤਾਂ ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਛੇ ਟਿਊਬਵੈੱਲ ਮੋਟਰਾਂ ਵਿੱਚੋਂ ਤਾਂਬਾ ਅਤੇ ਇੱਕ ਟ੍ਰਾਂਸਫਾਰਮਰ ਵਿੱਚੋਂ ਤੇਲ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਕਾਰਨ ਇਲਾਕੇ ਦੇ ਕਿਸਾਨਾਂ ਵਿੱਚ ਡਰ ਅਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ।
ਕਿਸਾਨ ਬਲਵਿੰਦਰ ਕੁਮਾਰ ਉਰਫ਼ ਮੱਲ, ਮਿੱਠਣ ਲਾਲ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਖੇਤਾਂ ਵਿੱਚ ਕਣਕ ਦੀ ਫ਼ਸਲ ਨੂੰ ਪਾਣੀ ਲਾਉਣ ਲਈ ਗਏ ਸਨ। ਜਦੋਂ ਉਹ ਟਿਊਬਵੈੱਲਾਂ ਕੋਲ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਮੋਟਰਾਂ ਨਾਲ ਛੇੜਛਾੜ ਕੀਤੀ ਹੋਈ ਸੀ ਅਤੇ ਮੋਟਰਾਂ ਵਿੱਚੋਂ ਤਾਂਬਾ ਗਾਇਬ ਸੀ। ਇਸ ਤੋਂ ਇਲਾਵਾ ਮੋਟਰਾਂ ਵਾਲੇ ਕਮਰਿਆਂ ਦੇ ਤਾਲੇ ਵੀ ਟੁੱਟੇ ਹੋਏ ਸਨ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਕਿਸਾਨ ਸ਼ਿੰਗਾਰਾ ਸਿੰਘ, ਪਾਲ ਸਿੰਘ, ਨਛੱਤਰ ਸਿੰਘ ਅਤੇ ਗੁਰਮੀਤ ਸਿੰਘ ਦੀਆਂ ਟਿਊਬਵੈੱਲ ਮੋਟਰਾਂ ਵਿੱਚੋਂ ਵੀ ਤਾਂਬਾ ਚੋਰੀ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਗੁਰਦੀਪ ਸਿੰਘ ਦੇ ਟ੍ਰਾਂਸਫਾਰਮਰ ਵਿੱਚੋਂ ਚੋਰਾਂ ਵੱਲੋਂ ਤੇਲ ਚੋਰੀ ਕਰ ਲਿਆ ਗਿਆ ਹੈ।
ਕਿਸਾਨਾਂ ਨੇ ਦੱਸਿਆ ਕਿ ਇਸ ਚੋਰੀ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਫ਼ਸਲ ਦੀ ਸਿੰਚਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਵਿੱਚ ਰਾਤ ਦੇ ਸਮੇਂ ਗਸ਼ਤ ਵਧਾਈ ਜਾਵੇ। ਇਸ ਘਟਨਾ ਨਾਲ ਪਿੰਡ ਦੇ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਉਨ੍ਹਾਂ ਨੇ ਪੁਲਿਸ ਥਾਣਾ ਕੋਟਭਾਈ ਵਿੱਚ ਦੇ ਦਿੱਤੀ ਹੈ।