ਠੇਕੇਦਾਰ ਦੀ ਲਾਪਰਵਾਹੀ, ਹਰਿਆਵਲ ਨੂੰ ਪੁੱਜਿਆ ਨੁਕਸਾਨ, 70 ਬੂਟੇ ਮਲਬੇ ਹੇਠ ਦੱਬੇ ਠੇਕੇਦਾਰ ਦੀ ਲਾਪਰਵਾਹੀ, ਹਰਿਆਵਲ ਨੂੰ ਪੁੱਜਿਆ ਨੁਕਸਾਨ, 70 ਬੂਟੇ ਮਲਬੇ ਹੇਠ ਦੱਬੇ
Publish Date: Sat, 25 Jul 2026 06:20 PM (IST)
Updated Date: Sat, 25 Jul 2026 06:22 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਕੋਟਕਪੂਰਾ ਰੋਡ ਤੇ ਸੀਵਰੇਜ ਅਤੇ ਜਲ ਸਪਲਾਈ ਦੀ ਪਾਈਪਲਾਈਨ ਵਿਛਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਮੁੱਖ ਸੜਕ ਤੇ ਪਾਣੀ ਦੀ ਨਿਕਾਸੀ ਅਤੇ ਜਲ ਸਪਲਾਈ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ, ਪਰ ਕੰਮ ਦੌਰਾਨ ਠੇਕੇਦਾਰ ਦੀ ਲਾਪਰਵਾਹੀ ਕਾਰਨ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਦੁਆਰਾ ਲਗਾਏ ਗਏ ਲਗਭਗ 70 ਬੂਟੇ ਮਲਬੇ ਹੇਠ ਦੱਬ ਗਏ ਹਨ। ਜਾਣਕਾਰੀ ਅਨੁਸਾਰ ਕੋਟਕਪੂਰਾ ਰੋਡ ਤੇ ਜਿੰਦਲ ਹਸਪਤਾਲ ਨੇੜੇ ਪੁਰਾਣੀ ਜੇਲ੍ਹ ਵਾਲੀ ਥਾਂ ਤੇ ਲਗਭਗ ਦੋ ਸਾਲ ਪਹਿਲਾਂ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਬੂਟੇ ਲਗਾਏ ਗਏ ਸਨ। ਇਸ ਲਈ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਇਆ ਗਿਆ ਸੀ ਅਤੇ ਬੂਟਿਆਂ ਦੀ ਦੇਖਭਾਲ ਲਈ ਉਚੇਚੇ ਇੰਤਜ਼ਾਮ ਕੀਤੇ ਗਏ ਸਨ। ਹੁਣ ਜਦੋਂ ਇਹ ਬੂਟੇ ਵੱਡੇ ਹੋ ਕੇ ਲੋਕਾਂ ਨੂੰ ਛਾਂ ਦੇਣ ਦੇ ਕਾਬਿਲ ਹੋ ਰਹੇ ਸਨ, ਉਦੋਂ ਹੀ ਸੜਕ ਤੇ ਪਾਈਪ ਵਿਛਾਉਣ ਦਾ ਕੰਮ ਕਰ ਰਹੇ ਠੇਕੇਦਾਰ ਨੇ ਸਾਰਾ ਨਿਰਮਾਣ ਸਮੱਗਰੀ (ਮਟੀਰੀਅਲ) ਇੱਕ ਹੀ ਥਾਂ ਇਕੱਠਾ ਕਰਕੇ ਉਨ੍ਹਾਂ ਸਾਰੇ ਬੂਟਿਆਂ ਨੂੰ ਦਬਾ ਦਿੱਤਾ। ਨਿਯਮਾਂ ਅਨੁਸਾਰ ਸੜਕ ਨਿਰਮਾਣ ਜਾਂ ਤੋੜ-ਭੰਨ ਸਮੇਂ ਮਟੀਰੀਅਲ ਰੱਖਣ ਲਈ ਠੇਕੇਦਾਰ ਨੂੰ ਵਿਸ਼ੇਸ਼ ਥਾਂ ਤੈਅ ਕਰਨੀ ਹੁੰਦੀ ਹੈ, ਤਾਂ ਜੋ ਸਰਕਾਰੀ ਜਾਇਦਾਦ ਅਤੇ ਹਰਿਆਵਲ ਨੂੰ ਨੁਕਸਾਨ ਨਾ ਪਹੁੰਚੇ। ਪਰ ਇੱਥੇ ਠੇਕੇਦਾਰ ਨੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ। ਇੱਕ ਪਾਸੇ ਸਰਕਾਰ ਬਾਰਿਸ਼ ਦੇ ਮੌਸਮ ਵਿੱਚ ਹਰਿਆਵਲ ਵਧਾਉਣ ਲਈ ਵਿਸ਼ੇਸ਼ ਮੁਹਿੰਮਾਂ ਚਲਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਸ ਤਰ੍ਹਾਂ ਹਰਿਆਵਲ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਜਦੋਂ ਇਸ ਸਬੰਧੀ ਠੇਕੇਦਾਰ ਓਪੀ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਕਰਮਚਾਰੀਆਂ ਨਾਲ ਇਸ ਬਾਰੇ ਗੱਲ ਕਰਨਗੇ ਅਤੇ ਜੇਕਰ ਗਲਤੀ ਹੋਈ ਹੈ ਤਾਂ ਦੁਬਾਰਾ ਬੂਟੇ ਲਗਵਾ ਦਿੱਤੇ ਜਾਣਗੇ।