ਸਿਵਲ ਹਸਪਤਾਲ ਦੇ ਨਿਰਮਾਣ ਕਾਰਜ ਜਾਰੀ
ਸਿਵਲ ਹਸਪਤਾਲ ਦੇ ਰੋਡ ਦਾ ਚੱਲ ਰਿਹਾ ਨਿਰਮਾਣ ਕਾਰਜ, 10 ਸਾਲ ਤੋਂ ਖਸਤਾ ਹਾਲ ਸੀ ਸੜਕ
Publish Date: Sat, 04 Apr 2026 06:12 PM (IST)
Updated Date: Sat, 04 Apr 2026 06:16 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਿਵਲ ਹਸਪਤਾਲ ਮੁਕਤਸਰ ਨੂੰ ਜਾਣ ਵਾਲਾ ਰੋਡ ਆਖਿਰਕਾਰ ਬਣਨਾ ਸ਼ੁਰੂ ਹੋ ਗਿਆ ਹੈ ਅਤੇ ਕੰਮ ਅੱਧਾ ਮੁਕੰਮਲ ਵੀ ਕਰ ਲਿਆ ਗਿਆ ਹੈ। ਇਹ ਰੋਡ ਲਗਭਗ ਕਰੀਬ 10 ਸਾਲ ਤੋਂ ਬੇਹਦ ਖਸਤਾ ਹਾਲਤ ’ਚ ਸੀ ਕਿਉਂਕਿ ਇੱਥੇ ਪਈਆਂ ਪਾਈਪਾਂ ਖਰਾਬ ਹੋ ਚੁੱਕੀਆਂ ਸਨ ਜਿਸ ਕਾਰਨ ਸੀਵਰ ਹਰ ਸਮੇਂ ਜਾਮ ਰਹਿੰਦਾ ਸੀ ਤੇ ਪਾਣੀ ਸੜਕ ਦੇ ਉੱਤੇ ਖੜਾ ਰਹਿੰਦਾ ਸੀ। ਹਰ ਸਮੇਂ ਪਾਣੀ ਰੋਡ ਦੇ ਉੱਤੇ ਖੜਾ ਰਹਿਣ ਦੇ ਕਾਰਨ ਰੋਡ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਸੀ ਅਤੇ ਜਗ੍ਹਾ ਜਗ੍ਹਾ ਵੱਡੇ ਵੱਡੇ ਖੱਡੇ ਪੈ ਚੁੱਕੇ ਸਨ। ‘ਪੰਜਾਬੀ ਜਾਗਰਣ’ ਵੱਲੋਂ ਲਗਾਤਾਰ ਇਸ ਮੁੱਦੇ ਨੂੰ ਚੁੱਕਿਆ ਗਿਆ ਅਤੇ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦੇ ਸਬੰਧੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ। ਹੁਣ ਜਦੋਂ ਇਹ ਰੋਡ ਬਣ ਰਿਹਾ ਹੈ ਤਾਂ ਸਿਵਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਕਾਫੀ ਰਾਹਤ ਵੀ ਮਹਿਸੂਸ ਹੋ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਇਹ ਰੋਡ ਖਸਤਾ ਹਾਲਤ ’ਚ ਸੀ ਤਾਂ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਬਹੁਤ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਇੱਥੋਂ ਦੀ ਲੰਘਣਾ ਕਾਫੀ ਮੁਸ਼ਕਿਲ ਸੀ। ਪਾਣੀ ਵਿੱਚ ਖੱਡੇ ਦਿਖਾਈ ਨਹੀਂ ਦਿੰਦੇ ਸਨ ਜਿਸ ਕਾਰਨ ਲੋਕ ਹਾਦਸੇ ਦਾ ਸ਼ਿਕਾਰ ਵੀ ਹੁੰਦੇ ਸਨ। ਹਰ ਸਮੇਂ ਪਾਣੀ ਜਮਾਂ ਰਹਿਣ ਦੇ ਕਾਰਨ ਐਬੂਲੈਂਸ ਵੀ ਇਥੋਂ ਕਾਫੀ ਹੋਲੀ ਗਤੀ ’ਚ ਲੰਘਦੀ ਸੀ ਅਤੇ ਖੱਡਿਆਂ ਦੇ ਕਾਰਨ ਇਥੋਂ ਲੰਘਣ ਵਾਲੇ ਮਰੀਜ਼ਾਂ ਨੂੰ ਹੋਰ ਜਿਆਦਾ ਪਰੇਸ਼ਾਨੀ ਹੁੰਦੀ ਸੀ। ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਰੋਡ ਦੀ ਨਿਰਮਾਣ ਕਰਨ ਦੀ ਮੰਗ ਚੱਲੀ ਆ ਰਹੀ ਸੀ ਇਸਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਕਈ ਵਾਰ ਰੋਸ਼ ਪ੍ਰਦਰਸ਼ਨ ਵੀ ਕੀਤੇ ਗਏ। ਪਿਛਲੇ ਸਾਲ ਨਗਰ ਕੌਂਸਲ ਵੱਲੋਂ ਇਸ ਰੋਡ ਦਾ ਬਜਟ ਪਾਸ ਕੀਤਾ ਗਿਆ ਜਿਸਤੋਂ ਬਾਅਦ ਇੱਥੇ ਸੀਵਰੇਜ ਦੀਆਂ ਪਾਈਪਾਂ ਬਦਲੀਆਂ ਗਈਆਂ ਅਤੇ ਹੁਣ ਇੱਥੇ ਇੰਟਰਲਾਕ ਟਾਈਲਾਂ ਲਾ ਕੇ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ। ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਇਹ ਰੋਡ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਜਲਦੀ ਹੀ ਮੁਕੰਮਲ ਹੋ ਜਾਵੇਗਾ। ਜਿਸ ਤੋਂ ਬਾਅਦ ਲੋਕਾਂ ਨੂੰ ਇੱਥੋਂ ਲੰਘਣ ਦੇ ਲਈ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਹਰੇਕ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ।