ਸੀਵਰੇਜ ਨਾ ਪੈਣ ਕਾਰਨ ਕੋਟਕਪੂਰਾ ਬਾਈਪਾਸ ਦਾ ਨਿਰਮਾਣ ਠੱਪ ਸੀਵਰੇਜ ਨਾ ਪੈਣ ਕਾਰਨ ਕੋਟਕਪੂਰਾ ਬਾਈਪਾਸ ਦਾ ਨਿਰਮਾਣ ਠੱਪ
Publish Date: Tue, 01 Sep 2026 05:42 PM (IST)
Updated Date: Tue, 01 Sep 2026 05:43 PM (IST)
ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਕੋਟਕਪੂਰਾ-ਬਠਿੰਡਾ-ਮਲੋਟ ਬਾਈਪਾਸ (ਡਾਕਟਰ ਕੇਹਰ ਸਿੰਘ ਮਾਰਗ) ਦੇ ਨਿਰਮਾਣ ਚ ਸਥਾਨਕ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੰਜਾਬ ਮੰਡੀ ਬੋਰਡ ਵੱਲੋਂ ਇੱਕ ਸਾਲ ਪਹਿਲਾਂ ਜਾਰੀ ਕੀਤੇ 92 ਲੱਖ ਰੁਪਏ ਪ੍ਰਸ਼ਾਸਨਿਕ ਅਣਦੇਖੀ ਦੀ ਭੇਂਟ ਚੜ੍ਹ ਗਏ ਹਨ, ਜਿਸ ਕਾਰਨ ਠੇਕੇਦਾਰ ਨੇ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸੀਵਰੇਜ ਪ੍ਰਬੰਧ ਨਾ ਹੋਣ ਕਾਰਨ ਗੰਦਾ ਪਾਣੀ ਸੜਕ ਤੇ ਆਉਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਇੱਕ ਧੁੱਸੀ ਬੰਨ੍ਹ ਬਣਾਇਆ ਗਿਆ ਸੀ, ਜੋ ਕੁਝ ਮਹੀਨਿਆਂ ਚ ਹੀ ਢਹਿ-ਢੇਰੀ ਹੋ ਗਿਆ। ਬਿਨਾਂ ਬਾਰਸ਼ ਤੋਂ ਵੀ ਸੜਕ ਤੇ ਛੱਪੜ ਲੱਗੇ ਰਹਿੰਦੇ ਹਨ। ਵੀਆਈਪੀ ਦੌਰਿਆਂ ਦੌਰਾਨ ਮਿੱਟੀ ਜਾਂ ਲਾਕ ਟਾਈਲਾਂ ਪਾ ਕੇ ਸਿਰਫ਼ ਡੰਗ ਟਪਾਇਆ ਜਾਂਦਾ ਹੈ। ਸੜਕ ਦੀ ਮਾੜੀ ਹਾਲਤ ਤੇ ਖੱਡਿਆਂ ਕਾਰਨ ਕੁਝ ਮਹੀਨੇ ਪਹਿਲਾਂ ਇੱਕ ਮੋਟਰਸਾਈਕਲ ਚਾਲਕ ਦੀ ਬੱਸ ਹੇਠ ਆਉਣ ਨਾਲ ਮੌਤ ਹੋ ਚੁੱਕੀ ਹੈ ਤੇ ਕਈ ਹੋਰ ਜ਼ਖ਼ਮੀ ਹੋਏ ਹਨ। ਇਸ ਬਾਈਪਾਸ ਤੇ ਡਿਪਟੀ ਕਮਿਸ਼ਨਰ ਦਫ਼ਤਰ, ਜ਼ਿਲ੍ਹਾ ਅਦਾਲਤੀ ਕੰਪਲੈਕਸ ਸਿਵਲ ਹਸਪਤਾਲ ਮੀਨਾਰ-ਏ-ਮੁਕਤਾ , ਸਕੂਲ ਸੈਂਟਰਲ ਪਲਾਜ਼ਾ ਤੇ ਹਜ਼ਾਰਾਂ ਰਿਹਾਇਸ਼ੀ ਘਰ ਸਥਿਤ ਹਨ। ਹੈਵੀ ਵਾਹਨਾਂ ਦੀ ਆਵਾਜਾਈ ਵੀ ਇਸੇ ਮਾਰਗ ਤੋਂ ਹੁੰਦੀ ਹੈ। ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ਤੇ ਸੀਵਰੇਜ ਪਾ ਕੇ ਬਾਈਪਾਸ ਦਾ ਨਿਰਮਾਣ ਤੁਰੰਤ ਸ਼ੁਰੂ ਕਰਵਾਇਆ ਜਾਵੇ। ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵੀਨਸ ਗਰਗ ਅਨੁਸਾਰ ਇਸ ਮਾਰਗ ਦਾ ਠੇਕਾ ਬਾਲਾ ਜੀ ਕੰਸਟਰਕਸ਼ਨ ਕੰਪਨੀ, ਮਾਨਸਾ ਨੂੰ 92 ਲੱਖ ਰੁਪਏ ’ਚ ਦਿੱਤਾ ਗਿਆ ਸੀ ਜਿਸ ਦਾ ਕੰਮ ਅਗਸਤ 2025 ’ਚ ਸ਼ੁਰੂ ਹੋਣਾ ਸੀ ਪਰ ਸਥਾਨਕ ਪ੍ਰਸ਼ਾਸਨ ਵੱਲੋਂ ਬਾਈਪਾਸ ਉੱਪਰ ਸੀਵਰੇਜ ਨਾ ਵਿਛਾਏ ਜਾਣ ਤੇ ਬਾਰਸ਼ਾਂ ਦੇ ਬਹਾਨੇ ਕੰਮ ਲਟਕਦਾ ਰਿਹਾ। ਇੱਕ ਸਾਲ ਬੀਤਣ ਨਾਲ ਨਿਰਮਾਣ ਲਾਗਤ ਕਾਫ਼ੀ ਵੱਧ ਚੁੱਕੀ ਹੈ, ਜਿਸ ਕਰਕੇ ਠੇਕੇਦਾਰ ਨੇ ਮੌਜੂਦਾ ਦਰਾਂ ਤੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ ਤੇ ਹੁਣ ਇਹ ਨਿਰਮਾਣ ਪੂਰੀ ਤਰ੍ਹਾਂ ਅਸੰਭਵ ਹੋ ਗਿਆ ਹੈ।