- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੁਲਿਸ ਵੱਲੋਂ ਅਪਰਾਧੀਆਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮਲੋਟ ਰੋਡ ਸਥਿਤ ‘ਈਟ ਐਂਡ ਆਊਟ’ ਰੈਸਟੋਰੈਂਟ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਨਾਬਾਲਗ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਗਰਣ ਸੰਵਾਦਦਾਤਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਅਪਰਾਧੀਆਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮਲੋਟ ਰੋਡ ਸਥਿਤ ‘ਈਟ ਐਂਡ ਆਊਟ’ ਰੈਸਟੋਰੈਂਟ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਨਾਬਾਲਗ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਸ ਵਾਰਦਾਤ ਦੇ ਪਿੱਛੇ ਪੁਰਾਣੀ ਰੰਜਿਸ਼ ਸੀ। ਸਪੇਨ ਵਿੱਚ ਰਹਿ ਰਹੇ ਇੱਕ ਨੌਜਵਾਨ ਨੇ ਮੁਲਜ਼ਮਾਂ ਨੂੰ ਦੋ ਲੱਖ ਰੁਪਏ ਦੇਣ ਦਾ ਲਾਲਚ ਦੇ ਕੇ ਰੈਸਟੋਰੈਂਟ ਨੂੰ ਅੱਗ ਲਗਵਾਈ।ਐੱਸਐੱਸਪੀ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਐੱਸਪੀ (ਡੀ) ਅਸ਼ੋਕ ਮੀਣਾ, ਡੀਐੱਸਪੀ ਬਚਨ ਸਿੰਘ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਰਵਿੰਦਰ ਕੌਰ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੀ ਮਦਦ ਨਾਲ ਮਾਮਲੇ ਦੀ ਜਾਂਚ ਕੀਤੀ।
ਰੈਸਟੋਰੈਂਟ ਦੀ ਸੰਚਾਲਕਾ ਗੁਰਪ੍ਰੀਤ ਕੌਰ ਵਾਸੀ ਬਰਕੰਦੀ ਰੋਡ ਨੇ ਪੁਲਿਸ ਨੂੰ ਦੱਸਿਆ ਕਿ ਉਹ 26 ਅਗਸਤ ਦੀ ਸ਼ਾਮ ਕਰੀਬ ਪੰਜ ਵਜੇ ਰੈਸਟੋਰੈਂਟ ਬੰਦ ਕਰਕੇ ਸਟਾਫ਼ ਸਮੇਤ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਗਈ ਸੀ। 27 ਅਗਸਤ ਨੂੰ ਵਾਪਸ ਆਉਣ ’ਤੇ ਰੈਸਟੋਰੈਂਟ ਦਾ ਪੂਰਾ ਫਰੰਟ, ਹੱਟ ਅਤੇ ਦੂਜੀ ਮੰਜ਼ਿਲ ਤੱਕ ਅੱਗ ਨਾਲ ਸੜੀ ਹੋਈ ਮਿਲੀ। ਮੁੱਢਲੇ ਅੰਦਾਜ਼ੇ ਮੁਤਾਬਕ ਇਸ ਘਟਨਾ ਵਿੱਚ ਕਰੀਬ ਸੱਤ ਲੱਖ ਰੁਪਏ ਦਾ ਨੁਕਸਾਨ ਹੋਇਆ। ਜਾਂਚ ਦੌਰਾਨ ਪੁਲਿਸ ਨੇ ਵਿਕਾਸ ਸ਼ਰਮਾ ਉਰਫ਼ ਵਿਸ਼ਾਲ ਕੁਮਾਰ, ਆਕਾਸ਼, ਲਖਵੀਰ ਸਿੰਘ ਉਰਫ਼ ਲਾਡੀ ਅਤੇ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ। ਮਾਮਲੇ ਵਿੱਚ ਧਾਰਾ 112 ਬੀਐੱਨਐੱਸ ਵੀ ਜੋੜੀ ਗਈ ਹੈ।
ਸਪੇਨ 'ਚ ਬੈਠ ਕੇ ਰਚੀ ਗਈ ਸਾਜ਼ਿਸ਼
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਰਣਵੀਰ ਸਿੰਘ ਨਾਮਕ ਨੌਜਵਾਨ, ਜੋ ਕਰੀਬ ਡੇਢ ਮਹੀਨਾ ਪਹਿਲਾਂ ਸਪੇਨ ਗਿਆ ਸੀ, ਨੇ ਮੁਲਜ਼ਮਾਂ ਨਾਲ ਸੰਪਰਕ ਕਰਕੇ ਰੈਸਟੋਰੈਂਟ ਮਾਲਕ ਨਾਲ ਪੁਰਾਣੀ ਰੰਜਿਸ਼ ਬਾਰੇ ਦੱਸਿਆ। ਉਸ ਨੇ ਰੈਸਟੋਰੈਂਟ ਨੂੰ ਅੱਗ ਲਗਾਉਣ ਦੇ ਬਦਲੇ ਦੋ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਪੁਲਿਸ ਅਨੁਸਾਰ ਪੈਸਿਆਂ ਦੇ ਲਾਲਚ ਵਿੱਚ ਮੁਲਜ਼ਮਾਂ ਨੇ ਪੈਟਰੋਲ ਪਾ ਕੇ ਰੈਸਟੋਰੈਂਟ ਨੂੰ ਅੱਗ ਲਗਾ ਦਿੱਤੀ। ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਵਿਦੇਸ਼ ਵਿੱਚ ਬੈਠੇ ਮੁੱਖ ਸਾਜ਼ਿਸ਼ਕਰਤਾ ਸਮੇਤ ਹੋਰ ਸੰਭਾਵਿਤ ਮੁਲਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।