ਕੱਟਾਂ ਤੋਂ ਪਰੇਸ਼ਾਨ ਕਾਂਗਰਸੀ ਵਰਕਰਾਂ ਨੇ ਪਾਵਰਕਾਮ ਦਫ਼ਤਰ ਘੇਰਿਆ ਬਿਜਲੀ ਕਟੌਤੀ ਤੋਂ ਪ੍ਰੇਸ਼ਾਨ ਕਾਂਗਰਸੀ ਵਰਕਰਾਂ ਨੇ ਪਾਵਰਕਾਮ ਦਫ਼ਤਰ ਅੱਗੇ ਦਿੱਤਾ ਧਰਨਾ
Publish Date: Mon, 20 Jul 2026 03:55 PM (IST)
Updated Date: Mon, 20 Jul 2026 03:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬ ’ਚ ਲਗਾਤਾਰ ਵਧ ਰਹੀ ਬਿਜਲੀ ਕਟੌਤੀ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਸੋਮਵਾਰ ਨੂੰ ਮਲੋਟ ਬਿਜਲੀ ਘਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਧਰਨਾ ਲਗਾਇਆ। ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਾਅਦਾਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਸਰਕਾਰ ਨੂੰ 10 ਦਿਨਾਂ ਦਾ ਸਮਾਂ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ 10 ਦਿਨਾਂ ਦੇ ਅੰਦਰ ਬਿਜਲੀ ਕਟੌਤੀ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਮਲੋਟ ਅਤੇ ਮੁਕਤਸਰ ਖੇਤਰ ’ਚ ਵੱਡਾ ਧਰਨਾ ਦੇ ਕੇ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਨੇ 24 ਘੰਟੇ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਪਰ ਅੱਜ ਸ਼ਹਿਰ ਅਤੇ ਪਿੰਡ ਦੋਵਾਂ ਥਾਵਾਂ ’ਤੇ ਹਾਲਾਤ ਬੇਹੱਦ ਖ਼ਰਾਬ ਹਨ। ਮਲੋਟ ਸ਼ਹਿਰ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ’ਚ ਰੋਜ਼ਾਨਾ 7-7 ਘੰਟਿਆਂ ਦੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਦੁਪਹਿਰ 2 ਵਜੇ ਤੋਂ 4 ਵਜੇ ਤੱਕ ਜਦੋਂ ਮਜ਼ਦੂਰ ਅਤੇ ਆਮ ਲੋਕ ਕੰਮ ਤੋਂ ਬਾਅਦ ਆਰਾਮ ਕਰਦੇ ਹਨ, ਉਸ ਸਮੇਂ ਬਿਜਲੀ ਗਾਇਬ ਰਹਿੰਦੀ ਹੈ। ਰਾਤ 11 ਵਜੇ ਤੋਂ 1 ਵਜੇ ਤੱਕ ਜਦੋਂ ਲੋਕਾਂ ਦੇ ਸੌਣ ਦਾ ਸਮਾਂ ਹੁੰਦਾ ਹੈ, ਉਦੋਂ ਵੀ ਭਾਰੀ ਕਟੌਤੀ ਕੀਤੀ ਜਾ ਰਹੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਹੋ ਰਿਹਾ। ਝੋਨੇ ਦੀ ਫ਼ਸਲ ਦੇ ਸਮੇਂ ਖੇਤਾਂ ’ਚ ਪਾਣੀ ਨਾ ਮਿਲਣ ਕਾਰਨ ਫ਼ਸਲਾਂ ਸੁੱਕ ਰਹੀਆਂ ਹਨ। ਇਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ਤੇ ਵੀ ਗੰਭੀਰ ਸਵਾਲ ਚੁੱਕੇ। ਦੋਸ਼ ਲਗਾਇਆ ਕਿ ਅਧਿਕਾਰੀ ਲੋਕਾਂ ਦੇ ਫ਼ੋਨ ਚੁੱਕਣਾ ਜ਼ਰੂਰੀ ਨਹੀਂ ਸਮਝਦੇ। ਸ਼ਿਕਾਇਤ ਕਰਨ ਤੇ ਜਾਂ ਤਾਂ ਲਾਈਨ ਬਿਜ਼ੀ ਆਉਂਦੀ ਹੈ ਜਾਂ ਫਿਰ ਲਾਈਨਮੈਨ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਉਹ ਹੜਤਾਲ ਤੇ ਹਨ। ਲਾਈਨ ਵਿੱਚ ਫਾਲਟ ਆਉਣ ਤੇ 10-15 ਘੰਟੇ ਜਾਂ 2-2 ਦਿਨਾਂ ਤੱਕ ਬਿਜਲੀ ਠੀਕ ਨਹੀਂ ਕੀਤੀ ਜਾਂਦੀ। ਗ਼ਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਬਿਜਲੀ ਠੀਕ ਕਰਵਾਉਣ ਦੇ ਨਾਂ ਤੇ ਪੈਸੇ ਮੰਗੇ ਜਾਂਦੇ ਹਨ। 1912 ਹੈਲਪਲਾਈਨ ਤੇ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਦਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਸੁਧਾਰ ਨਾ ਕੀਤਾ ਗਿਆ ਤਾਂ ਉਹ ਵੱਡਾ ਅੰਦੋਲਨ ਕਰਨਗੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਹੋਣ ਦੇ ਨਾਤੇ ਉਹ ਜਨਤਾ ਦੀ ਆਵਾਜ਼ ਚੁੱਕਦੇ ਰਹਿਣਗੇ ਅਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਧਰਨੇ ਵਿੱਚ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਸ਼ਾਮਲ ਹੋਏ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ।