- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਗਾਮੀ ਚੋਣਾਂ ’ਚ ਕਾਂਗਰਸ ਪੰਜਾਬ ’ਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ: ਰਾਜਾ ਵੜਿੰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਬਰੀਵਾਲਾ ਦੀ ਪੰਚਾਇਤੀ ਧਰਮਸ਼ਾਲਾ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ’ਚ ਧੱਸਦੀ ਜਾ ਰਹੀ ਹੈ, ਜਿਸਨੂੰ ਰੋਕਣ ਲਈ ਕੋਈ ਕਾਰਗਰ ਨੀਤੀ ਨਹੀਂ ਬਣਾਈ ਗਈ। ਨਸ਼ੇ ਵਿਰੁੱਧ ਕਾਰਵਾਈ ਕੇਵਲ ਕਾਗਜ਼ਾਂ ਤੱਕ ਹੀ ਸੀਮਤ ਹੈ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੂਬੇ ਨੂੰ ਕਰਜ਼ੇ ਹੇਠ ਡੋਬ ਦਿੱਤਾ ਹੈ। ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੰਗ ਆ ਚੁੱਕੀ ਹੈ ਅਤੇ ਆਉਣ ਵਾਲੀਆਂ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੂਬੇ ’ਚ ਕਾਂਗਰਸ ਦੀ ਸਰਕਾਰ ਬਣਾਏਗੀ। ਕਾਂਗਰਸ ਦੀ ਸਰਕਾਰ ਆਉਣ ’ਤੇ ਸੂਬੇ ਨੂੰ ਮੁੜ ਵਿਕਾਸ ਦੀ ਲੀਹ ’ਤੇ ਲਿਆਂਦਾ ਜਾਵੇਗਾ। ਇਸ ਮੌਕੇ ਉਨ੍ਹਾਂ ਖਾਸ ਕਰਕੇ ਮੁਕਤਸਰ ਹਲਕੇ ਦੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਹੁਣ ਤੁਹਾਡਾ ਰਾਜਾ ਮੁਕਤਸਰ ’ਚ ਤੁਹਾਡੇ ਕੰਮਾਂ ਲਈ ਹਮੇਸ਼ਾ ਤਿਆਰ ਮਿਲੇਗਾ, ਤੁਸੀਂ ਮੈਨੂੰ ਕਦੇ ਵੀ ਮਿਲ ਸਕਦੇ ਹੋ। ਇਸ ਸਮੇਂ ਉਨ੍ਹਾਂ ਦੇ ਨਾਲ ਭੀਨਾ ਬਰਾੜ, ਕਾਕੂ ਸੀਰਵਾਲੀ, ਸ਼ਰਨਜੀਤ ਸਿੰਘ ਕਬਰਵਾਲਾ, ਅਰਮਾਨ ਭੁੱਲਰ ਤੋਂ ਇਲਾਵਾ ਸਥਾਨਕ ਕਾਂਗਰਸੀ ਵਰਕਰ ਵੀ ਹਾਜ਼ਰ ਸਨ।