- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਆਰਆਈ ਦੀ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ

ਪੰਜਾਬੀ ਜਾਗਰਣ, ਰਿਪੋਰਟਰ ਸ੍ਰੀ ਮੁਕਤਸਰ ਸਾਹਿਬ : ਨੇੜਲੇ ਪਿੰਡ ਸਦਰਵਾਲਾ ਵਿਖੇ ਇੱਕ ਐਨਆਰਆਈ ਵਿਅਕਤੀ ਦੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ, ਜਿਸ ਕਾਰਨ ਦੋਵੇਂ ਧਿਰਾਂ ਦੇ ਵਿਅਕਤੀ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਦਰਵਾਲਾ ਵਾਸੀ ਬਾਜ ਸਿੰਘ ਲੰਬੇ ਸਮੇਂ ਤੋਂ ਅਮਰੀਕਾ ਵਿਖੇ ਰਹਿ ਰਹੇ ਹਨ। ਉਨ੍ਹਾਂ ਦੀ ਪਿੰਡ ’ਚ ਇੱਕ ਕਿੱਲਾ ਜ਼ਮੀਨ ਹੈ, ਜਿਸ ’ਤੇ ਉਨ੍ਹਾਂ ਦਾ ਭਤੀਜਾ ਰਜਿੰਦਰਪਾਲ ਅਤੇ ਉਸ ਦੇ ਸਾਥੀ ਲੰਮੇ ਸਮੇਂ ਤੋਂ ਵਾਹੀ ਕਰਦੇ ਆ ਰਹੇ ਹਨ। ਬਾਜ ਸਿੰਘ ਨੇ ਦੱਸਿਆ ਕਿ ਇਸ ਜ਼ਮੀਨ ਸਬੰਧੀ ਪਹਿਲਾਂ ਵੀ ਕਈ ਵਾਰ ਪੰਚਾਇਤਾਂ ਹੋਈਆਂ ਅਤੇ ਥਾਣਾ ਬਠਿੰਡਾ ਵਿਖੇ ਹੋਏ ਰਾਜ਼ੀਨਾਮੇ ਤਹਿਤ ਕਾਬਜ਼ ਧਿਰ ਨੇ ਝੋਨੇ ਦੀ ਵਾਢੀ ਤੋਂ ਬਾਅਦ ਜ਼ਮੀਨ ਛੱਡਣ ਦੀ ਸਹਿਮਤੀ ਦਿੱਤੀ ਸੀ। ਹੁਣ ਬਾਜ ਸਿੰਘ ਇਹ ਜ਼ਮੀਨ ਆਪਣੇ ਦੂਜੇ ਭਤੀਜੇ ਨਿਸ਼ਾਨ ਸਿੰਘ ਨੂੰ ਦੇਣਾ ਚਾਹੁੰਦੇ ਸਨ ਪਰ ਰਜਿੰਦਰਪਾਲ ਅਤੇ ਉਸ ਦੇ ਸਾਥੀਆਂ ਵੱਲੋਂ ਕਬਜ਼ਾ ਨਹੀਂ ਛੱਡਿਆ ਜਾ ਰਿਹਾ। ਇਸੇ ਵਿਵਾਦ ਦੇ ਚੱਲਦਿਆਂ ਬੀਤੀ ਸ਼ਾਮ ਖੇਤ ’ਚ ਨਿਸ਼ਾਨ ਸਿੰਘ ਅਤੇ ਰਜਿੰਦਰਪਾਲ ਦੀ ਧਿਰ ਵਿਚਾਲੇ ਤਕਰਾਰ ਤੋਂ ਬਾਅਦ ਲੜਾਈ ਹੋ ਗਈ। ਇਸ ਝੜਪ ’ਚ ਜ਼ਖ਼ਮੀ ਹੋਏ ਦੋਵਾਂ ਧਿਰਾਂ ਦੇ ਵਿਅਕਤੀ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਹਨ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਪੁਲਿਸ ਵੱਲੋਂ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।